ਜਲੰਧਰ —ਪੰਜਾਬ ‘ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਵੱਧਦੇ ਦੇਖ ਕੇ ਲੋਕਾਂ ਨੂੰ ਇਸ ਨੂੰ ਇਸ ਦੇ ਪ੍ਰਭਾਵ ਤੋਂ ਬਚਾਉਣ ਲਈ ਸਰਕਾਰ ਵੱਲੋਂ ਅਤੇ ਜ਼ਿਲਿਆਂ ਦੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਜਲੰਧਰ ਦੇ ਸਿਵਲ ਹਸਪਤਾਲ ਨੂੰ ਪੂਰੀ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਹਸਪਤਾਲ ‘ਚ ਦਾਖਲ ਮਰੀਜ਼ਾਂ ਨੂੰ ਇਥੋਂ ਦੇ ਈ. ਐੱਸ. ਆਈ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਲੰਧਰ ਦੇ ਸਿਵਲ ਹਸਪਤਾਲ ‘ਚ ਸਿਰਫ ਐੱਮ. ਸੀ. ਐੱਚ. ਦਾ ਬਲਾਕ ਹੀ ਰਹੇਗਾ, ਜਿੱਥੇ ਗਰਭਵਤੀ ਔਰਤਾਂ ਸਣੇ ਹੋਰ ਕਈ ਔਰਤਾਂ ਦਾ ਇਲਾਜ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅੱਜ ਜਲੰਧਰ ਦੇ ਫਿਲੌਰ ‘ਚੋਂ ਤਿੰਨ ਮਰੀਜ਼ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨੂੰ ਲੈ ਕੇ ਸਿਹਤ ਵਿਭਾਗ ‘ਚ ਹੜਕੰਪ ਮੱਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮਰੀਜ਼ ਫਿਲੌਰ ਹਸਪਤਾਲ ‘ਚੋਂ ਕੋਰੋਨਾ ਦੇ ਪਾਜ਼ੀਟਿਵ ਪਾਏ ਹਨ, ਉਹ ਕੋਰੋਨਾ ਨਾਲ ਮਰੇ ਨਵਾਂਸ਼ਹਿਰ ਦੇ ਬਲਦੇਵ ਸਿੰਘ ਦੇ ਸੰਪਰਕ ‘ਚ ਰਹੇ ਸਨ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਅਗਰਵਾਲ ਨੇ ਜਲੰਧਰ ਦੇ ਸਿਵਲ ਹਸਪਤਾਲ ਨੂੰ ਖਾਲੀ ਕਰਕੇ ਆਈਸੋਲੈਟਿਡ ਕਰਨ ਦੇ ਹੁਕਮ ਦਿੱਤੇ ਸਨ।
ਮਿਲੇ ਹੁਕਮਾਂ ਤੋਂ ਬਾਅਦ ਹੀ ਜਲੰਧਰ ਦੇ ਸਿਵਲ ਹਸਪਤਾਲ ਨੂੰ ਖਾਲੀ ਕਰ ਦਿੱਤਾ ਗਿਆ ਹੈ ਅਤੇ ਆਈਸੋਲੈਟਿਡ ਕੀਤਾ ਗਿਆ ਹੈ, ਤਾਂਕਿ ਸਿਰਫ ਕੋਰੋਨਾ ਪੀੜਤ ਲੋਕਾਂ ਨੂੰ ਇਥੇ ਦਾਖਲ ਕੀਤਾ ਜਾ ਸਕੇ। ਉਥੇ ਹੀ ਇਲਾਜ ਚੱਲ ਰਹੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਸਾਰੇ ਮਰੀਜ਼ਾਂ ਨੂੰ ਈ. ਐੱਸ. ਆਈ. ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਪੰਜਾਬ ‘ਚ ਵੱਧਦਾ ਜਾ ਰਿਹਾ ਹੈ। ਇਸ ਨਾਲ ਹੋਣ ਵਾਲੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਕਰਫਿਊ ਲਗਾਇਆ ਗਿਆ ਹੈ, ਜੋਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਦੁਨੀਆ ਭਰ ‘ਚ ਕੋਰੋਨਾ ਨਾਲ 16000 ਤੋਂ ਵੱਧ ਮੌਤਾਂ
ਜ਼ਿਕਰਯੋਗ ਹੈ ਕਿ ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ ‘ਚ ਕੋਰੋਨਾ ਕਾਰਨ ਲਗਭਗ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ ‘ਚ ਹੁਣ ਤਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪੰਜਾਬ ‘ਚ ਹੁਣ ਤੱਕ 1 ਦੀ ਮੌਤ ਹੋ ਚੁੱਕੀ ਹੈ ਅਤੇ 29 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ ‘ਚ ਕੋਰੋਨਾ ਦਾ ਜ਼ਿਆਦਾਤਰ ਪਾਜ਼ੀਟਿਵ ਮਰੀਜ਼ ਉਹੀ ਹਨ, ਜਿਹੜੇ ਇਟਲੀ ਤੋਂ ਪਰਤੇ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ ‘ਚ ਆਏ ਸਨ।