ਲੁਧਿਆਣਾ – ਕਰਫਿਊ ਦੇ ਹਾਲਾਤ ’ਚ ਖਾਣਾ ਨਾ ਮਿਲਣ ਕਾਰਣ ਪਿਛਲੇ 2 ਦਿਨਾਂ ਤੋਂ ਭੁੱਖੇ ਸੌਂ ਰਹੇ ਬਿਹਾਰ ਦੇ ਕੁਝ ਮਜ਼ਦੂਰਾਂ ਲਈ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕੀਤਾ ਗਿਆ ਟਵੀਟ ਰਾਹਤ ਬਣ ਗਿਆ। ਯਾਦਵ ਦੇ ਮੁੱਖ ਮੰਤਰੀ ਨੂੰ ਕੀਤੇ ਟਵੀਟ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਜਿੱਥੇ ਲੁਧਿਆਣਾ ਪ੍ਰਸ਼ਾਸਨ ਨੇ ਉਕਤ ਮਜ਼ਦੂਰਾਂ ਤਕ ਖਾਣਾ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ, ਉੱਥੇ ਮੁੱਖ ਮੰਤਰੀ ਦਫਤਰ ਨੇ ਵੀ ਤੇਜ ਪ੍ਰਤਾਪ ਨੂੰ ਯਕੀਨੀ ਕੀਤਾ ਕਿ ਐੱਸ. ਡੀ. ਐੱਮ. ਅਤੇ ਪੰਜਾਬ ਪੁਲਸ ਉਨ੍ਹਾਂ ਦੇ ਟਵੀਟ ’ਤੇ ਜ਼ਰੂਰ ਕਾਰਵਾਈ ਕਰ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਕਰੀਬ 1 ਘੰਟੇ ਤੋਂ ਘੱਟ ਸਮੇਂ ਵਿਚ ਹੀ ਪੁਲਸ ਨੇ ਉਕਤ ਮਜ਼ਦੂਰਾਂ ਤਕ ਖਾਣਾ ਪਹੁੰਚਾ ਦਿੱਤਾ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕੀਤੇ ਗਏ ਟਵੀਟ ਵਿਚ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਸੀਤਾਮਡ਼ੀ, ਬਿਹਾਰ ਦੇ 55 ਮਜ਼ਦੂਰ ਬਸਤੀ ਜੋਧੇਵਾਲ ਦੇ ਨੇਡ਼ੇ ਬਾਪੂ ਸਕੂਲ ਦੇ ਕੋਲ ਸੋਨੀਆ ਗਰਾਊਂਡ ਵਿਚ ਫਸੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਨ੍ਹਾਂ ਮਜ਼ਦੂਰਾਂ ਨੂੰ ਖਾਣਾ ਪਹੁੰਚਾਉਣ ਦੀ ਬੇਨਤੀ ਕੀਤੀ। ਦੱਸ ਦੇਈਏ ਕਿ ਮਜ਼ਦੂਰ 2 ਦਿਨ ਤੋਂ ਖਾਣਾ ਨਾ ਮਿਲਣ ਕਾਰਣ ਭੁੱਖੇ ਸੌਂ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਕੇ ਬਿਹਾਰ ਭੇਜ ਦਿੱਤੀ, ਜਿਸ ਤੋਂ ਬਾਅਦ ਉਕਤ ਕਾਰਵਾਈ ਹੋਈ।
ਪੁਲਸ ਨੇ ਦਿੱਤਾ ਭਰੋਸਾ ਹੁਣ ਨਹੀਂ ਆਵੇਗੀ ਪ੍ਰੇਸ਼ਾਨੀ
ਯਾਦਵ ਦੇ ਟਵੀਟ ਤੋਂ ਬਾਅਦ ਖਾਣਾ ਪੁੱਜਦੇ ਹੀ ਬਿਹਾਰ ਦੇ ਉਕਤ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ 2 ਦਿਨ ਬਾਅਦ ਖਾਣਾ ਖਾਧਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਤੱਕ ਖਾਣਾ ਪਹੁੰਚਾਇਆ ਹੈ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਨੂੰ ਸਰਕਾਰ ਵੱਲੋਂ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਵਾਪਸ ਜਾਣਾ ਚਾਹੁੰਦੇ ਹਨ ਬਿਹਾਰ
ਇਨ੍ਹਾਂ ਵਿਚੋਂ 1 ਮਜ਼ਦੂਰ ਅਫਜ਼ਲ ਅੰਸਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਜੋ ਰਾਸ਼ਨ ਸੀ,ਉਹ ਵੀ ਪਹਿਲਾਂ 2 ਦਿਨਾਂ ਵਿਚ ਖਤਮ ਹੋ ਗਿਆ ਅਤੇ ਹੁਣ ਉਨ੍ਹਾਂ ਨੂੰ ਕਿਤੋਂ ਰਾਸ਼ਨ ਵੀ ਨਹੀਂ ਮਿਲ ਰਿਹਾ। ਤਜਿੰਦਰ ਬੱਗਾ ਨੇ ਦੱਸਿਆ ਕਿ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਵੀ ਪ੍ਰੇਸ਼੍ਰਾਨ ਹਨ। ਕੰਮ ਨਾ ਮਿਲਣ ਕਾਰਨ ਨਾ ਤਾਂ ਉਹ ਪੈਸਾ ਪਰਿਵਾਰ ਨੂੰ ਭੇਜ ਪਾ ਰਹੇ ਹਨ ਅਤੇ ਨਾ ਹੀ ਆਪਣੇ ਲਈ ਰੋਟੀ ਕਮਾ ਪਾ ਰਹੇ ਹਨ। ਇਸ ਲਈ ਹੁਣ ਉਹ ਸਾਰੇ ਵਾਪਸ ਬਿਹਾਰ ਜਾਣਾ ਚਾਹੁੰਦੇ ਹਨ ਤਾਂਕਿ ਪਰਿਵਾਰ ਦੇ ਕੋਲ ਪੁੱਜ ਕੇ ਕੋਈ ਕੰਮ ਕਰ ਸਕਣ।