ਬਰਨਾਲਾ : ਬਰਨਾਲਾ ਵਿਖੇ ਬੀਤੀ ਰਾਤ ਕੋਰੋਨਾ ਵਾਇਰਸ ਦੀ ਇਕ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰੇਲਵੇ ਸਟੇਸ਼ਨ ‘ਤੇ ਰਹਿਣ ਵਾਲੀ ਇਕ 60 ਸਾਲਾ ਔਰਤ ਸਿਵਲ ਹਸਪਤਾਲ ਬਰਨਾਲਾ ਵਿਖੇ ਖਾਂਸੀ ਅਤੇ ਬੁਖ਼ਾਰ ਦੀ ਦਵਾਈ ਲੈਣ ਆਈ ਸੀ। ਇਸ ਦੌਰਾਨ ਸਿਹਤ ਵਿਭਾਗ ਵਲੋਂ ਅਹਿਤਿਆਤ ਦੇ ਤੌਰ ‘ਤੇ ਕੋਰੋਨਾ ਵਾਇਰਸ ਸਬੰਧੀ ਸ਼ੱਕ ਦੇ ਆਧਾਰ ‘ਤੇ ਔਰਤ ਦੇ ਨਮੂਨੇ ਲੈ ਕੇ ਰਿਪੋਰਟ ਲਈ ਭੇਜਣ ਉਪਰੰਤ ਉਸ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਸਿਵਲ ਹਸਪਤਾਲ ਬਰਨਾਲਾ ਦੇ ਐੱਸ.ਐਮ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਹੋਣ ਜਾਂ ਨਾ ਹੋਣ ਸਬੰਧੀ ਪੁਸ਼ਟੀ ਕੀਤੀ ਜਾਵੇਗੀ।
ਡਾਕਟਰਾਂ ਨੇ ਕਿਹਾ ਕਿ ਅਹਿਤਿਆਤ ਵਜੋਂ ਉਕਤ ਔਰਤ ਦੇ ਸੈਂਪਲ ਲਏ ਗਏ ਸਨ ਅਤੇ ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਅੱਜ 3 ਵਜੇ ਤਕ ਆਉਣ ਦੀ ਉਮੀਦ ਹੈ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਔਰਤ ਨੂੰ ਕੋਰੋਨਾ ਸੀ ਜਾਂ ਨਹੀਂ। ਉਂਝ ਸਿਹਤ ਵਿਭਾਗ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਅੰਕੜਾ 1000 ਤਕ ਪੁੱਜਾ
ਭਾਰਤ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਐਤਵਾਰ ਨੂੰ 22 ਹੋ ਗਈ ਹੈ ਅਤੇ ਇਸ ਤੋਂ ਇਨਫੈਕਟਿਡ ਮਾਮਲੇ 1000 ਤਕ ਪੁੱਜ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤਕ 78 ਲੋਕ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 39 ਤਕ ਪਹੁੰਚ ਗਈ ਹੈ ਜਦਕਿ ਇਕ ਮਰੀਜ਼ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਕੇਂਦਰ ਸਰਕਾਰ ਵਲੋਂ ਲਾਕ ਡਾਊਨ ਦਾ ਐਲਾਨ ਕੀਤਾ ਹੋਇਆ। ਦੂਜੇ ਪਾਸੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 6,22,157 ਤਕ ਪਹੁੰਚ ਗਈ ਹੈ ਜਦਕਿ ਦੁਨੀਆ ਭਰ ਵਿਚ 30,000 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 1,37,364 ਮਰੀਜ਼ ਠੀਕ ਹੋ ਚੁੱਕੇ ਹਨ।