ਨਵੀਂ ਦਿੱਲੀ— ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ‘ਚ ਵੀ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼ ਭਰ ‘ਚ ਲਾਕ ਡਾਊਨ ਲਾਗੂ ਕੀਤਾ ਗਿਆ ਹੈ। ਅੱਜ ਲਾਕ ਡਾਊਨ ਦਾ 5ਵਾਂ ਦਿਨ ਹੈ। ਪੂਰੇ ਦੇਸ਼ ਦਾ ਫੋਕਸ ਇਸੇ ਗੱਲ ‘ਤੇ ਹੈ ਕਿ ਖਤਰਨਾਕ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ। ਫਿਲਹਾਲ ਲਾਕ ਡਾਊਨ ਦੀ ਇਸ ਸਥਿਤੀ ‘ਚ ਆਬੋ-ਹਵਾ ‘ਚ ਵੱਡਾ ਬਦਲਾਅ ਆਇਆ ਹੈ। ਵਜ੍ਹਾ ਸਾਫ ਹੈ ਕਿਉਂਕਿ ਲਾਕ ਡਾਊਨ ਦੌਰਾਨ ਨਾ ਤਾਂ ਸੜਕਾਂ ‘ਤੇ ਟ੍ਰੈਫਿਕ ਹੈ, ਨਾ ਹੀ ਨਿਰਮਾਣ ਦਾ ਕੰਮ ਹੋ ਰਿਹਾ ਹੈ। ਸ਼ਨੀਵਾਰ ਭਾਵ ਕੱਲ ਭਾਰਤ ‘ਚ ਹਵਾ ਦੀ ਗੁਣਵੱਤਾ ਬੇਹੱਦ ਸ਼ਾਨਦਾਰ ਪੱਧਰ ‘ਤੇ ਦਰਜ ਕੀਤੀ ਗਈ। ਜੇਕਰ ਪਿਛਲੇ ਇਕ ਦਹਾਕੇ ‘ਚ ਨਹੀਂ ਤਾਂ ਬੀਤੇ ਕਈ ਸਾਲਾਂ ਵਿਚ ਇਹ ਸਭ ਤੋਂ ਸ਼ਾਨਦਾਰ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਮੰਨੀਏ ਤਾਂ ਸ਼ਨੀਵਾਰ ਦੇ ਦਿਨ 90 ਸ਼ਹਿਰਾਂ ‘ਚ ਹਵਾ ਦਾ ਔਸਤ ਪੱਧਰ ‘ਬਹੁਤ ਚੰਗੀ’ ਕੈਟਗਿਰੀ ‘ਚ ਸੀ। ਮਾਹਰਾਂ ਨੇ ਭਾਰਤ ਦੀ ਬਦਲੀ ਆਬੋ-ਹਵਾ ਦੀ ਸਥਿਤੀ ਨੂੰ ਬੇਮਿਸਾਲ ਕਰਾਰ ਦਿੱਤਾ। ਅਜਿਹੀ ਸਥਿਤੀ ਕਦੇ ਨਹੀਂ ਦੇਖੀ ਗਈ। ਖਾਸ ਤੌਰ ਤੋਂ ਸਾਲ 2014 ਤੋਂ ਜਦੋਂ ਨੈਸ਼ਨਲ ਏਅਰ ਕਵਾਲਿਟੀ ਇੰਡੈਕਸ ਨੂੰ ਲਾਂਚ ਕੀਤਾ ਗਿਆ ਸੀ। ਭਾਰਤ ‘ਚ 130 ਕਰੋੜ ਲੋਕ ਲਾਕ ਡਾਊਨ ਤਹਿਤ ਘਰਾਂ ‘ਚ ਬੰਦ ਹਨ। ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਲੋਕਾਂ ਨੂੰ ਘਰਾਂ ‘ਚ ਰਹਿਣ ਨੂੰ ਕਿਹਾ ਹੈ। ਜਿਸ ਕਾਰਨ ਵਾਤਾਵਰਣ ‘ਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।
ਸ਼ੁੱਕਰਵਾਰ-ਸ਼ਨੀਵਾਰ ਨੂੰ ਮੀਂਹ ਪੈਣ ਤੋਂ ਬਾਅਦ ਦਿੱਲੀ ਨੇ 45 ਦੇ ਪੱਧਰ ‘ਤੇ ਏਅਰ ਕਵਾਲਿਟੀ ਇੰਡੈਕਸ (ਏ. ਕਿਊ. ਆਈ.) ਦਰਜ ਕੀਤਾ। ਇਹ ਪਹਿਲੀ ਵਾਰ ਹੈ, ਜਦੋਂ ਰਾਜਧਾਨੀ ਦਿੱਲੀ ਨੇ ਮਾਨਸੂਨ ਤੋਂ ਵੱਖਰੇ ਸਮੇਂ ‘ਚ ਆਪਣਾ ਏ. ਕਿਊ. ਆਈ. ‘ਚੰਗੀ ਸ਼੍ਰੇਣੀ’ ‘ਚ ਦਰਜ ਕੀਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਏਅਰ ਲੈਬ ਦੇ ਸਾਬਕਾ ਹੈੱਡ, ਦੀਪਾਂਕਰ ਸਾਹਾ ਨੇ ਕਿਹਾ ਕਿ ਜਦੋਂ ਤੋਂ ਏਅਰ ਕਵਾਲਿਟੀ ਇੰਡੈਕਸ ਲਾਂਚ ਹੋਇਆ ਹੈ, ਉਦੋਂ ਤੋਂ ਦਿੱਲੀ ਨੇ ਕਦੇ ਵੀ ਇਸ ਸ਼੍ਰੇਣੀ ‘ਤੇ ਏਅਰ ਕਵਾਲਿਟੀ ਇੰਡੈਕਸ ਨਹੀਂ ਦੇਖਿਆ ਹੈ। ਇਸ ਮਹੀਨੇ ‘ਚ ਦਿੱਲੀ ‘ਚ ਹਵਾ ਦੀ ਗੁਣਵੱਤਾ ਦਾ ਪੱਧਰ ‘ਚੰਗਾ’ ਹੋਣਾ ਬਿਲਕੁਲ ਹੈਰਾਨ ਕਰ ਦੇਣ ਵਾਲਾ ਹੈ।