ਤਪਾ ਮੰਡੀ : ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਪੂਰੇ ਪੰਜਾਬ ਅੰਦਰ ਕਰਫਿਊ ਲਾਗੂ ਕੀਤਾ ਹੋਇਆ ਹੈ, ਲੋਕਾਂ ਨੂੰ ਘਰ ਅੰਦਰ ਰਹਿਣ ਲਈ ਲਕਸ਼ਮਣ ਰੇਖਾ ਖਿੱਚ ਦਿੱਤੀ ਗਈ ਹੈ। ਘਰਾਂ ਤੋਂ ਬਿਨਾਂ ਕੰਮ ਬਾਹਰ ਨਿਕਲਣ ਵਾਲਿਆਂ ‘ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ, ਜਿੱਥੇ ਸ਼ਹਿਰ ਅੰਦਰ ਕਰਿਆਨੇ ਅਤੇ ਦਵਾਈ ਵਿਕਰੇਤਾ ਦੁਕਾਨਦਾਰਾਂ ਨੂੰ ਪਾਸ ਜਾਰੀ ਕਰਕੇ ਹੀ ਦੁਕਾਨ ਖੋਲ੍ਹਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਉਥੇ ਹੀ ਦੂਜੇ ਪਾਸੇ ਸ਼ਹਿਰ ਅੰਦਰ ਸ਼ਰੇਆਮ ਸ਼ਰਾਬ ਵਿਕਣ ਬਾਰੇ ਲੱਗੀਆਂ ਖ਼ਬਰਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੁਝ ਸਖਤੀ ਵਰਤੀ ਗਈ ਹੈ। ਤਹਿਸੀਲਦਾਰ ਹਰਬੰਸ ਸਿੰਘ ਨੇ ਪੁਲਸ ਪਾਰਟੀ ਸਮੇਤ ਅੰਦਰਲੇ ਬੱਸ ਸਟੈਂਡ ‘ਤੇ ਸਥਿਤ ਇਕ ਸ਼ਰਾਬ ਦੇ ਠੇਕੇ ‘ਤੇ ਕਾਰਵਾਈ ਕਰਦਿਆਂ ਠੇਕੇ ਨੂੰ ਤਾਲਾ ਲਗਵਾਇਆ ਅਤੇ ਨਾਲ ਹੀ ਠੇਕੇਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਅਗਰ ਕਰਫਿਊ ਦੌਰਾਨ ਠੇਕਾ ਖੁੱਲ੍ਹਾ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਵਿਚ ਨਾਕਿਆਂ ਦੀ ਗਿਣਤੀ ‘ਚ ਵਾਧਾ ਕੀਤਾ ਅਤੇ ਸੜਕ ਉੱਪਰ ਗੁਜ਼ਰਨ ਵਾਲੇ ਹਰ ਵਿਅਕਤੀ ਤੋਂ ਪੁੱਛ ਪੜਤਾਲ ਕਰਨ ਤੋਂ ਬਾਅਦ ਸੜਕਾਂ ਸੁੰਨਸਾਨ ਨਜ਼ਰ ਆਈਆਂ।