ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਸੰਕਟ ਦੀ ਘੜੀ ਵਿਚ ਸਰਕਾਰ ਵੈਂਟੀਲੇਟਰਾਂ ਅਤੇ ਮਾਸਕ ‘ਤੇ ਇੰਪੋਰਟ ਡਿਊਟੀ ਖਤਮ ਕਰ ਸਕਦੀ ਹੈ, ਜਿਸ ਨਾਲ ਇਨ੍ਹਾਂ ਦੀ ਕੀਮਤ ਵਿਚ ਕਮੀ ਹੋਵੇਗੀ।
ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਫਰੰਟਲਾਈਨ ‘ਤੇ ਜੰਗ ਲੜ ਰਹੇ ਡਾਕਟਰਾਂ ਲਈ ਵੀ ਬਾਹਰੋਂ ਇੰਪੋਰਟ ਹੋਣ ਵਾਲੇ ਕਈ ਜ਼ਰੂਰੀ ਸਮਾਨਾਂ ‘ਤੇ ਡਿਊਟੀ ਸਮਾਪਤ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਇਨ੍ਹਾਂ ਚੀਜ਼ਾਂ ‘ਤੇ ਇੰਟੀਗਰੇਟਡ ਗੁਡਜ਼ ਤੇ ਸਰਵਿਸਿਜ਼ ਟੈਕਸ (ਆਈ. ਜੀ. ਐੱਸ. ਟੀ.) ਨੂੰ ਵੀ ਹਟਾਇਆ ਜਾ ਸਕਦਾ ਹੈ। ਸਿਹਤ ਮੰਤਰਾਲਾ ਸਣੇ ਕਈ ਮੰਤਰਾਲਿਆਂ ਵੱਲੋਂ ਇਹ ਸਿਫਾਰਸ਼ਾਂ ਕੀਤੀਆਂ ਗਈਆਂ ਹਨ। ਇੰਟੀਗਰੇਟਡ ਗੁਡਜ਼ ਤੇ ਸਰਵਿਸਿਜ਼ ਟੈਕਸ ਨੂੰ ਹਟਾਉਣ ਨੂੰ ਲੈ ਕੇ ਜੀ. ਐੱਸ. ਟੀ. ਕੌਂਸਲ ਨੂੰ ਇਸ ਬਾਰੇ ਸਿਫਾਰਸ਼ ਭੇਜੀ ਜਾਏਗੀ।
ਇਕ ਅਧਿਕਾਰੀ ਮੁਤਾਬਕ ਰੈਵੇਨਿਊ ਵਿਭਾਗ ਵਲੋਂ ਲਗਭਗ 15 ਪ੍ਰਾਡਕਟਸ ਕੈਟਾਗਿਰੀਜ਼ ‘ਤੇ ਇੰਪੋਰਟ ਡਿਊਟੀ ਅਤੇ ਆਈ. ਜੀ. ਐੱਸ. ਟੀ. ਨੂੰ ਖਤਮ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੈਡੀਕਲ ਸਟਾਫ ਲਈ ਜ਼ਰੂਰੀ ਡਾਕਟਰੀ ਉਪਕਰਣ ਅਤੇ ਮਾਸਕ ਬਣਾਉਣ ਲਈ ਵਰਤੇ ਜਾਂਦੇ ਕੁਝ ਕੱਚੇ ਮਾਲ, ਕੱਪੜੇ ਅਤੇ ਹੋਰ ਕਈ ਸਮਾਨ ਵੀ ਇਸ ਲਿਸਟ ਵਿਚ ਹਨ।