ਜੰਮੂ— ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਦੀ ਆਫਤ ਨਾਲ ਜੂਝ ਰਿਹਾ ਹੈ। ਪਾਕਿਸਤਾਨ ਇਸ ਸਮੇਂ ਵੀ ਬਾਜ ਨਹੀਂ ਆ ਰਿਹਾ ਹੈ। ਲੱਗਦਾ ਹੈ ਕਿ ਪਾਕਿਸਤਾਨ ਸਬਕ ਸਿੱਖਣ ਵਾਲਿਆਂ ‘ਚੋਂ ਨਹੀਂ ਹੈ। ਕੋਰੋਨਾ ਆਫਤ ਦਰਮਿਆਨ ਵੀ ਪਾਕਿਸਤਾਨ, ਭਾਰਤ ਦੀਆਂ ਸਰਹੱਦਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਾਕਿਸਤਾਨ ਵਲੋਂ ਕੱਲ ਰਾਤ ਤੋਂ ਪੁੰਛ ਦੇ ਬਾਲਾਕੋਟ ਸੈਕਟਰ ‘ਚ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਜੰਗਬੰਦੀ ਦਾ ਉਲੰਘਣ ਕੀਤਾ ਜਾ ਰਿਹਾ ਹੈ।
ਗੋਲੀਬਾਰੀ ‘ਚ ਭਾਰਤੀ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ 14-ਪੰਜਾਬ ਰੈਜੀਮੈਂਟ ਦੇ ਨਾਇਬ ਸੂਬੇਦਾਰ ਸਤਪਾਲ ਅਤੇ ਹੌਲਦਾਰ ਧਰਮਪਾਲ ਕ੍ਰਾਸ ਬਾਰਡਰ ਫਾਇਰਿੰਗ ਵਿਚ ਜ਼ਖਮੀ ਹੋ ਗਏ। ਦੋਹਾਂ ਨੂੰ ਰਾਜੋਰੀ ਦੇ ਆਰਮੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਫੌਜ ਦੇ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜੀਆਂ ਵਲੋਂ ਵੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।