ਚੰਡੀਗੜ੍ਹ-ਹਰਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਹੁਣ ਵੱਧਦਾ ਜਾ ਰਿਹਾ ਹੈ। ਸੂਬੇ ‘ਚ ਅੱਜ ਸਵੇਰਸਾਰ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਕੋਰੋਨਾ ਇਨਫੈਕਟਡ ਇਕ ਬਜ਼ੁਰਗ ਦੀ ਮੌਤ ਹੋਈ ਹੈ। ਅੰਬਾਲਾ ਛਾਉਣੀ ਦੀ ਟਿੰਬਰ ਮਾਰਕੀਟ ‘ਚ ਰਹਿਣ ਵਾਲਾ 67 ਸਾਲ ਦੇ ਹਰਜੀਤ ਸਿੰਘ ਕੋਹਲੀ ਜੋ ਕਿ ਪੀ.ਜੀ.ਆਈ ਚੰਡੀਗੜ੍ਹ ‘ਚ ਭਰਤੀ ਸੀ। ਇਸ ਤੋਂ ਪਹਿਲਾਂ ਹਰਜੀਤ ਨੇ ਅੰਬਾਲਾ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਜਾਂਚ ਕਰਵਾਈ ਸੀ। ਕੋਰੋਨਾਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਉਹ ਪੀ.ਜੀ.ਆਈ. ਪਹੁੰਚੇ ਸੀ, ਜਿੱਥੇ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੀ ਰਿਪੋਰਟ ਦੀ ਪੁਸ਼ਟੀ ਸੀ.ਐੱਮ.ਓ ਨੇ ਕੀਤੀ ਹੈ।
ਦੱਸਣਯੋਗ ਹੈ ਕਿ ਹਰਿਆਣਾ ‘ਚ ਹੁਣ ਤੱਕ ਕੋਰੋਨਾਵਾਇਰਸ ਦੇ 43 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਸੂਬੇ ‘ਚ ਪਹਿਲੀ ਮੌਤ ਹੋਈ ਹੈ। ਮਿਲੇ ਅੰਕੜਿਆਂ ਮੁਤਾਬਕ ਹਰਿਆਣਾ ‘ਚ ਕੋਰੋਨਾਵਾਇਰਸ ਨਾਲ ਇਨਫੈਕਟਡ 21 ਲੋਕ ਠੀਕ ਵੀ ਹੋ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ ‘ਚ ਲਗਭਗ 1965 ਤੱਕ ਕੋਰੋਨਾਵਾਇਰਸ ਦੇ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 50 ਲੋਕ ਜਾਨ ਵੀ ਗੁਆ ਚੁੱਕੇ ਹਨ।