ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਭਾਵ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਜ਼ਰੀਏ ਉਨ੍ਹਾਂ ਨੇ ਦਿੱਲੀ ਵਾਸੀਆਂ ਲਈ ਅਨਲਾਕ-1 ਅਤੇ ਤਾਲਾਬੰਦੀ 5 ‘ਚ ਕੀ-ਕੀ ਸਹੂਲਤਾਂ ਮਿਲਣਗੀਆਂ, ਇਸ ਬਾਰੇ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਬਜ਼ਾਰ ‘ਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਸਪਾ ਬੰਦ ਰਹਿਣਗੇ ਅਤੇ ਸੈਲੂਨ ਖੁੱਲ੍ਹਣਗੇ। ਕੇਜਰੀਵਾਲ ਨੇ ਇਸ ਦੇ ਨਾਲ ਹੀ ਦੁਕਾਨਾਂ ਖੁੱਲ੍ਹਣ ਨਾਲ ਓਡ-ਈਵਨ ਯੋਜਨਾ ਪਾਬੰਦੀ ਹਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਈ-ਰਿਕਸ਼ਾ ਅਤੇ ਆਟੋ ‘ਚ ਇਕ ਸਵਾਰੀ ਦੀ ਪਾਬੰਦੀ ਹਟਾ ਦਿੱਤੀ ਗਈ ਹੈ।
ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਬਾਰਡਰ ਖੋਲ੍ਹੇ ਤਾਂ ਦਿੱਲੀ ‘ਚ ਬਾਹਰ ਤੋਂ ਲੋਕ ਇਲਾਜ ਲਈ ਆਉਣਗੇ। ਇਸ ਲਈ ਕੋਰੋਨਾ ਪੀੜਤ ਦਿੱਲੀ ਵਾਸੀਆਂ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤਾਂ ਦਿਲ ਵਾਲਿਆਂ ਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾ ਹੈ, ਉਦੋਂ ਤੱਕ ਬਾਰਡਰ ਨਾ ਖੋਲ੍ਹੇ ਜਾਣ। ਫਿਲਹਾਲ ਕੇਜਰੀਵਾਲ ਨੇ ਇਕ ਹਫਤੇ ਲਈ ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ। ਜ਼ਰੂਰੀ ਸੇਵਾਵਾਂ ‘ਚ ਲੱਗੇ ਲੋਕਾਂ ਜਿਨ੍ਹਾਂ ਕੋਲ ਪਾਸ ਹੋਣਗੇ, ਉਨ੍ਹਾਂ ਨੂੰ ਆਉਣ-ਜਾਣ ਦੀ ਆਗਿਆ ਦਿੱਤੀ ਜਾਵੇਗੀ। ਕੇਜਰੀਵਾਲ ਨੇ ਬਾਰਡਰ ਖੋਲ੍ਹਣ ਲਈ ਦਿੱਲੀ ਵਾਸੀਆਂ ਤੋਂ ਸੁਝਾਅ ਮੰਗੇ ਹਨ। ਉਸ ਦੇ ਆਧਾਰ ‘ਤੇ ਅੱਗੇ ਦਾ ਫੈਸਲਾ ਲਿਆ ਜਾਵੇਗਾ। ਇਨ੍ਹਾਂ ਸੁਝਾਵਾਂ ਨੂੰ ਇਸ ਨੰਬਰ ਅਤੇ ਈ-ਮੇਲ ਆਈਡੀ ‘ਤੇ ਭੇਜਿਆ ਜਾ ਸਕਦਾ ਹੈ। ਦਿੱਲੀ ਵਾਸੀ ਬਾਰਡਰ ਖੋਲ੍ਹੇ ਜਾਣ ਦੇ ਬਾਰੇ ‘ਚ ਵਟਸਐਪ ਨੰਬਰ 880000772 ‘ਤੇ ਜਾਂ ਈ-ਮੇਲ delhicm.suggestions@gmail.com ‘ਤੇ ਸ਼ੁੱਕਰਵਾਰ ਸ਼ਾਮ ਤੱਕ ਆਪਣੇ ਸੁਝਾਅ ਭੇਜ ਸਕਦੇ ਹਨ।
ਦੱਸ ਦੇਈਏ ਕਿ ਦਿੱਲੀ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 19 ਹਜ਼ਾਰ ਤੋਂ ਪਾਰ ਪੁੱਜ ਗਿਆ ਹੈ ਅਤੇ 473 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਉੱਥੇ ਹੀ ਜੇਕਰ ਪੂਰੇ ਦੇਸ਼ ਵੱਲ ਝਾਤ ਮਾਰੀ ਜਾਵੇ ਤਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ 1.90 ਲੱਖ ਤੋਂ ਪਾਰ ਹੋ ਗਈ ਹੈ ਅਤੇ 5400 ਦੇ ਕਰੀਬ ਲੋਕਾਂ ਦੀ ਵਾਇਰਸ ਨਾਲ ਜਾਨ ਜਾ ਚੁੱਕੀ ਹੈ।