ਨਵੀਂ ਦਿੱਲੀ : ਕੋਰੋਨਾ ਦੇ ਖਤਰੇ ‘ਚ ਸਾਵਧਾਨੀਆਂ ਨਾਲ ਦੇਸ਼ ਭਰ ‘ਚ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਨਿਯਮਾਂ ‘ਚ ਬਦਲਾਅ ਅਤੇ ਕੜੇ ਦਿਸ਼ਾ-ਨਿਰਦੇਸ਼ਾਂ ਨਾਲ ਕਈ ਕੰਪਨੀਆਂ ਦੇ ਜਹਾਜ਼ਾਂ ਨੇ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸ਼ਨੀਵਾਰ ਨੂੰ ਏਅਰ ਇੰਡੀਆ ਦੀ ਦਿੱਲੀ-ਮਾਸਕੋ ਫਲਾਈਟ ਦੇ ਇਕ ਪਾਇਲਟ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਚਰਚਾ ਤੋਂ ਬਾਅਦ ਏਅਰ ਇੰਡੀਆ ਨੇ ਇਕ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ।
ਏਅਰ ਇੰਡੀਆ ਨੇ ਆਪਣੇ ਪਾਇਲਟ ਅਤੇ ਕੈਬਿਨ ਕਰੂ ਮੈਂਬਰਜ਼ ਨੂੰ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਫਲਾਈਟ ‘ਚ ਜਾਣ ਤੋਂ ਪਹਿਲਾਂ ਕੋਰੋਨਾ ਦੀ ਜਾਂਚ ਕਰਵਾਉਣੀ ਹੋਵੇਗੀ ਅਤੇ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਹੀ ਉਹ ਉਡਾਣ ਭਰ ਪਾਉਣਗੇ। ਦਰਅਸਲ ਸ਼ਨੀਵਾਰ ਨੂੰ ਬਿਨਾਂ ਕਿਸੇ ਯਾਤਰੀ ਦੇ ਦਿੱਲੀ ਤੋਂ ਮਾਸਕੋ ਜਾਣ ਵਾਲੇ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਅੱਧ ਰਸਤਿਓਂ ਪਰਤਣ ਲਈ ਕਿਹਾ ਗਿਆ ਸੀ ਕਿਉਂਕਿ ਇਸ ਦੇ ਗਰਾਊਂਡ ਸਟਾਫ ਨੇ ਮਹਿਸੂਸ ਕੀਤਾ ਸੀ ਕਿ ਜਹਾਜ਼ ਦੇ ਪਾਇਲਟਾਂ ‘ਚੋਂ ਇਕ ਕੋਰੋਨਾ ਵਾਇਰਸ ਨਾਲ ਪੀੜਤ ਸੀ ਪਰ ਬਾਅਦ ‘ਚ ਚਾਲਕ ਦਲ ਦੀ ਮੈਡੀਕਲ ਰਿਪੋਰਟ ਦੀ ਦੁਬਾਰਾ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਫਿਰ ਉਡਾਣ ਦੀ ਆਗਿਆ ਦੇ ਦਿੱਤੀ ਗਈ ਸੀ। ਅਧਿਕਾਰੀਆਂ ਮੁਤਾਬਕ ਕੋਰੋਨਾ ਕਾਲ ‘ਚ ਬਣਾਏ ਗਏ ਮਾਪਦੰਡਾਂ ਅਨੁਸਾਰ ਕਿਸੇ ਵੀ ਉਡਾਣ ਦੇ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਕੋਰੋਨਾ ਵਾਇਰਸ ਲਈ ਲਾਜ਼ਮੀ ਰੂਪ ਨਾਲ ਪ੍ਰੀਖਣ ਕਰਵਾਉਣਾ ਪੈਂਦਾ ਹੈ ਅਤੇ ਜਾਂਚ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਉਡਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਮੈਡੀਕਲ ਰਿਪੋਰਟ ਜਾਂਚ ਟੀਮ ਤੋਂ ਹੋਈ ਸੀ ਅਣਗਹਿਲੀ
ਪਾਇਲਟ ਦੀ ਕੋਵਿਡ-19 ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਮੈਡੀਕਲ ਰਿਪੋਰਟ ਦੀ ਜਾਂਚ ਕਰਨ ਵਾਲੀ ਇਕ ਟੀਮ ਦੀ ਅਣਗਹਿਲੀ ਨਾਲ ਉਸ ਨੂੰ ਡਿਊਟੀ ‘ਤੇ ਭੇਜ ਦਿੱਤਾ ਗਿਆ। ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਸੰਚਾਲਨ) ਕੈਪਟਨ ਆਰ. ਐੱਸ. ਸੰਧੂ ਨੇ ਇਕ ਪੱਤਰ ‘ਚ ਕਿਹਾ ਹੈ, ਏਅਰਲਾਈਨ ਵੱਲੋਂ ‘ਕੋਵਿਡ-19’ ਦੀ ਜਾਂਚ ਕਰਵਾਈ ਜਾ ਰਹੀ ਹੈ। ਹਾਲਾਂਕਿ ਇਹ ਇਕ ਨਵੀਂ ਕਾਰਜਪ੍ਰਣਾਲੀ ਹੈ ਅਤੇ ਦਫਤਰ ‘ਚ ਕਾਮਿਆਂ ਦੀ ਕਮੀ ਹੈ, ਅਜਿਹੇ ‘ਚ ਇਸ ਵਿਸ਼ੇ ‘ਚ ਊਣਤਾਈ ਹੋਣ ਦਾ ਖਦਸ਼ਾ ਹੈ।” ਉਨ੍ਹਾਂ ਨੇ ਪੱਤਰ ‘ਚ ਕਿਹਾ,”ਇਸ ਜਾਂਚ ਦਾ ਮੁੱਢਲਾ ਉਦੇਸ਼ ਚਾਲਕ ਦਲ ਦੇ ਮੈਂਬਰਾਂ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਨਾ ਹੈ। ਜਾਂਚ ਕਾਰਜ ਦੀ ਦੇਖਭਾਲ ਕਰਨ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਡਿਊਟੀ ਲਾਉਣ ਵਾਲੇ ਕਾਮੇ ਵੱਲੋਂ ਇਹ ਯਕੀਨੀ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸੇ ਉਡਾਣ ਲਈ ਚਾਲਕ ਦਲ ਦੇ ਮੈਂਬਰਾਂ ਨੂੰ ਉਡਾਣ ਹੇਤੂ ਭੇਜਣ ਤੋਂ ਪਹਿਲਾਂ ‘ਕੋਵਿਡ-19’ ਜਾਂਚ ਰਿਪੋਰਟ ਵੇਖੀ ਜਾਵੇ। ਹਾਲਾਂਕਿ ਸੰਧੂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਚਾਲਕ ਦਲ ਦੇ ਹਰੇਕ ਮੈਂਬਰ ਵੀ ਆਪਣੀ ਜਾਂਚ ਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਦੇਖਣ ਅਤੇ ਉਸ ਦੀ ਫਿਰ ਤੋਂ ਪੁਸ਼ਟੀ ਕਰਨ।
ਅਜਿਹੀ ਅਣਗਹਿਲੀ ਨਾਲ ਹੋਰ ਲੋਕਾਂ ਦੇ ਪੀੜਤ ਹੋਣ ਦਾ ਖ਼ਤਰਾ- ਸੰਧੂ
ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ, ‘ਇਸ ਵਿਸ਼ੇ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਹੋਣ ਨਾਲ ਨਾ ਸਿਰਫ ਉਡਾਣਾਂ ‘ਤੇ ਪ੍ਰਭਾਵ ਪਏਗਾ ਸਗੋਂ ਏਅਰਲਾਈਨ ਦਾ ਅਕਸ ਵੀ ਖ਼ਰਾਬ ਹੋਵੇਗਾ। ਇਸ ਤਰ੍ਹਾਂ ਦੀ ਗੈਰ ਜ਼ਿੰਮੇਦਾਰਾਨਾ ਹਰਕੱਤ ਨਾਲ ਚਾਲਕ ਦਲ ਦੇ ਹੋਰ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਜਾਣਗੇ।