ਨਵਾਂਸ਼ਹਿਰ : ਪਿਛਲੇ ਹਫਤੇ ਪਿੰਡ ਮਾਜਰਾ ਖੁਰਦ ਤੇ ਰਾਣੇਵਾਲ ਪਿੰਡ ਦੀ ਲਿੰਕ ਰੋਡ ‘ਤੇ ਸਕੂਟਰੀ ‘ਤੇ ਸਵਾਰ ਆਮ ਆਦਮੀ ਪਾਰਟੀ ਦੇ ਵਰਕਰ ਪਰਮਜੀਤ ਸਿੰਘ (ਪੰਮਾ) ਦੀ ਜੀਪ ਸਵਾਰਾ ਵੱਲੋਂ ਦਰੜ ਕੇ ਕੀਤੀ ਗਈ ਹੱਤਿਆ ਦੇ ਦੋਸ਼ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਰਟੀ ਵੱਲੋਂ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕੀਤਾ ਗਿਆ। ਕਰੀਬ ਤਿੰਨ ਘੰਟੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੋ ਵਿਧਾਇਕਾ ਦੀ ਅਗਵਾਈ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਧਰਨਾਕਾਰੀਆ ਨੇ ਪੰਜਾਬ ਪੁਲਸ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਨਵਾਂਸ਼ਹਿਰ ਪੁਲਸ ਸਿਆਸੀ ਦਬਾਅ ਹੇਠ ਆਰੋਪੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਦੋ ਬੱਚੀਆਂ ਨੂੰ ਆਪਣੀ ਮਾਂ ਅਤੇ ਦਾਦੀ ਨਾਲ ਇਨਸਾਫ ਲਈ ਇਸ ਨਲਾਇਕ ਪੁਲਸ ਸਿਸਟਮ ਖਿਲਾਫ ਸੰਘਰਸ਼ ਵਿਚ ਉਤਰਨਾ ਪੈ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਇਕ ਕਥਿਤ ਮੁਲਜ਼ਮ ਜੇਲ ਤੋਂ ਕਿਸ ਦੀ ਸ਼ਹਿ ‘ਤੇ ਸਾਲ ਵਿਚ ਤਿੰਨ-ਤਿੰਨ ਵਾਰ ਪੈਰੋਲ ‘ਤੇ ਆਉਂਦਾ ਰਿਹਾ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋ ਦਿਨ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚ ਜ਼ਿਲਾ ਪੱਧਰ ‘ਤੇ ਇਨਸਾਫ ਲਈ ਪ੍ਰਦਰਸ਼ਨ ਕਰੇਗੀ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਦੋਸ਼ ਲਗਾਇਆ ਕਿ ਜ਼ਿਲ੍ਹੇ ਵਿਚ ਕਦੇ ਪੱਤਰਕਾਰ ਅਤੇ ਕਦੇ ਸਮਾਜਸੇਵੀ ਲੋਕਾ ਦੇ ਕਤਲ ਹੋ ਰਹੇ ਹਨ। ਪੁਲਸ ਕਥਿਤ ਮੁਲਜ਼ਮਾਂ ਨੂੰ ਸਿਆਸੀ ਦਬਾਅ ਹੇਠ ਗ੍ਰਿਫਤਾਰ ਨਹੀਂ ਕਰ ਰਹੀ ਹੈ। ‘ਆਪ’ ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਾਮਲੇ ਵਿਚ ਨਾਮਜ਼ਦ ਕਥਿਤ ਮੁਲਜ਼ਮ ਪੁਲਸ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਕੇਸ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਨੂੰ ਜੇਲ ਤੋਂ ਕਿਵੇ ਪੈਰੋਲ ਮਿਲੀ ਉਸਦੀ ਵੀ ਜਾਂਚ ਕੀਤੀ ਜਾਵੇ।