ਮੁੰਬਈ/ਗਾਂਧੀਨਗਰ-ਚੱਕਰਵਾਤੀ ਤੂਫਾਨ ਨਿਸਰਗ ਮੁੰਬਈ ਅਤੇ ਪਾਲਘਰ ਦੇ ਨੇੜੇ ਪਹੁੰਚ ਗਿਆ ਹੈ। ਇਹ ਮੁੰਬਈ ‘ਚ ਸਮੁੰਦਰ ਦੇ ਤੱਟ ਨਾਲ ਟਕਰਾਉਣ ਵਾਲਾ ਹੈ। ਮੁੰਬਈ ਲਈ ਇਹ ਪਹਿਲਾਂ ਭਿਆਨਕ ਚੱਕਰਵਾਤ ਹੋਵੇਗਾ। ਦਰਅਸਲ ਅਰਬ ਸਾਗਰ ‘ਤੇ ਬਣਿਆ ਘੱਟ ਦਬਾਅ ਦਾ ਖੇਤਰ ਮੁੰਬਈ ਵੱਲ ਵੱਧ ਰਿਹਾ ਹੈ। ਇਸ ਦੀ ਰਫਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਇਸ ਦੇ ਤੂਫਾਨ ‘ਚ ਬਦਲਣ ਦੀ ਰਫਤਾਰ 125 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਹੁਣ ਇਹ ਮੁੰਬਈ ਤੋਂ 450 ਕਿਲੋਮੀਟਰ ਦੂਰ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਅਰਬ ਸਾਗਰ ‘ਤੇ ਬਣਿਆ ਘੱਟ ਦਬਾਅ ਵਾਲਾ ਖੇਤਰ ਅਗਲੇ 24 ਘੰਟਿਆਂ ‘ਚ ਚੱਕਰਵਾਤ ਦਾ ਰੂਪ ਲੈ ਸਕਦਾ ਹੈ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 3 ਜੂਨ ਦੀ ਸ਼ਾਮ ਨੂੰ ਚੱਕਰਵਾਤੀ ਤੂਫਾਨ ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਨੂੰ ਪਾਰ ਕਰ ਜਾਵੇਗਾ, ਜਿਸ ਕਾਰਨ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਮੁਤਾਬਕ ਘੱਟ ਦਬਾਅ ਦਾ ਖੇਤਰ ਵਰਤਮਾਨ ਸਮੇਂ ਦੌਰਾਨ ਗੋਆ ਤੋਂ 300 ਕਿਲੋਮੀਟਰ ਦੂਰ ਹੈ।
ਇਸ ਦਬਾਅ ਦੇ ਭਿਆਨਕ ਚੱਕਰਵਾਤੀ ਤੂਫਾਨ ‘ਚ ਤਬਦੀਲ ਹੋਣ ‘ਤੇ ਹਵਾ ਦੀ ਰਫਤਾਰ 105 ਤੋਂ 115 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।ਇਸ ਦੇ ਨਾਲ ਹੀ 3 ਜੂਨ ਨੂੰ ਹਵਾ ਦੀ ਰਫਤਾਰ 125 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਇਸ ਤੋਂ ਦੱਖਣੀ ਗੁਜਰਾਤ ਖੇਤਰ ‘ਚ 3 ਅਤੇ 4 ਜੂਨ ਨੂੰ ਭਾਰੀ ਬਾਰਿਸ਼ ਹੋਵੇਗੀ।
ਦੱਸਣਯੋਗ ਹੈ ਕਿ ਚੱਕਰਵਾਤੀ ਤੂਫਾਨ ਨਿਸਰਗ ਗੁਜਰਾਤ ਦੇ ਤੱਟ ‘ਤੇ 3 ਜੂਨ ਨੂੰ ਦਸਤਕ ਦੇ ਸਕਦਾ ਹੈ। ਇਸ ਦੇ ਮੱਦੇਨਜ਼ਰ ਮਹਾਰਾਸ਼ਟਰ, ਗੁਜਰਾਤ, ਗੋਆ, ਦਮਨ ਦੀਵ ਅਤੇ ਦਾਦਰਾ ਨਗਰ ਹਵੇਲੀ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਹੋਣ ਵਾਲੀ ਤਬਾਹੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੂਬਾ ਸਰਕਾਰਾਂ ਨੇ ਹੇਠਲੇ ਸਥਾਨਾਂ ‘ਤੇ ਰਹਿਣ ਵਾਲਿਆਂ ਨੂੰ ਉੱਥੋ ਸੁਰੱਖਿਅਤ ਥਾਵਾਂ ‘ਤੇ ਜਾਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਦਰਜਨਾਂ ਜ਼ਿਲ੍ਹਿਆਂ ‘ਚ ਰਾਸ਼ਟਰੀ ਆਫਤ ਫੋਰਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੇਰਲ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਕੇਰਲ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਈ, ਜਿਸ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।