ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਸਥਿਤੀ ਜਾਗਰੂਕਤਾ (ਐੱਸ.ਐੱਸ.ਏ.) ਅਤੇ ਖਗੋਲ ਭੌਤਿਕੀ ਦੇ ਖੇਤਰ ‘ਚ ਸਹਿਯੋਗ ਲਈ ਆਰੀਆ ਭੱਟ ਆਬਜ਼ਰਵੇਸ਼ਨਲ ਸਾਇੰਸ ਖੋਜ ਸੰਸਥਾ (ਏਰੀਜ) ਨਾਲ ਕਰਾਰ ਕੀਤਾ ਹੈ। ਪੁਲਾੜ ਏਜੰਸੀ ਵਲੋਂ ਜਾਰੀ ਬਿਆਨ ਅਨੁਸਾਰ ਸਹਿਮਤੀ ਪੱਤਰ ‘ਤੇ ਇਸਰੋ ਦੇ ਵਿਗਿਆਨੀ ਸਕੱਤਰ ਆਰ. ਉਮਾਮਹੇਸ਼ਵਰਨ ਅਤੇ ਏਰੀਜ, ਨੈਨੀਤਾਲ ਦੇ ਡਾਇਰੈਕਟਰ ਦੀਪਾਂਕਰ ਬੈਨਰਜੀ ਨੇ 4 ਜੂਨ ਨੂੰ ਵੀਡੀਓ ਕਾਨਫਰੰਸ ਰਾਹੀਂ ਦਸਤਖ਼ਤ ਕੀਤੇ। ਇਸਰੋ ਨੇ ਕਿਹਾ ਕਿ ਪੁਲਾੜ ‘ਚ ਫੈਲੇ ਮਲਬੇ ਤੋਂ ਭਾਰਤੀ ਜਾਇਦਾਦ ਨੂੰ ਬਚਾਉਣ ਲਈ ਉਨ੍ਹਾਂ ਦਾ ਪ੍ਰਬੰਧਨ ਅਤੇ ਪੁਲਾੜ ਸਥਿਤੀ ਸੰਬੰਧੀ ਜਾਗਰੂਕਤਾ ਜ਼ਰੂਰੀ ਹੈ। ਪੁਲਾੜ ‘ਚ ਵਸਤੂਆਂ ਦੀ ਨਿਗਰਾਨੀ, ਵਿਸ਼ਲੇਸ਼ਣ ਅਤੇ ਪੁਲਾੜ ‘ਚ ਮੌਸਮ ਦਾ ਅਧਿਐਨ ਐੱਸ.ਐੱਸ.ਏ. ‘ਚ ਪ੍ਰਮੁੱਖ ਪਹਿਲੂ ਹਨ।
ਇਸਰੋ ਨੇ ਕਿਹਾ ਕਿ ਪੁਲਾੜ ਖੋਜ ਦਾ ਭਵਿੱਖ ਪੁਲਾੜ ਭੌਤਿਕੀ ‘ਚ ਸੋਧ ਅਤੇ ਵਿਕਾਸ, ਸੌਰ ਵਿਗਿਆਨ ਅਤੇ ਪੁਲਾੜ ਵਾਤਾਵਰਣ ‘ਤੇ ਨਿਰਭਰ ਕਰਦਾ ਹੈ ਅਤੇ ਇਨ੍ਹਾਂ ਖੇਤਰਾਂ ‘ਚ ਆਤਮਨਿਰਭਰਤਾ ਭਾਰਤੀ ਪੁਲਾੜ ਖੇਤਰ ਦੇ ਵਿਕਾਸ ਦੇ ਪ੍ਰਮੁੱਖ ਪਹਿਲੂ ਹਨ। ਬਿਆਨ ਅਨੁਸਾਰ ਇਸਰੋ ਅਤੇ ਏਰੀਜ ‘ਚ ਹੋਏ ਕਰਾਰ ਤੋਂ ਭਵਿੱਖ ‘ਚ ਸਹਿਯੋਗ ਦੇ ਰਸਤੇ ਖੁੱਲ੍ਹੇ ਹਨ। ਖਾਸ ਤੌਰ ‘ਤੇ ਪੁਲਾੜ ਦੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਆਪਟੀਕਲ ਦੂਰਬੀਨ ਵੇਧਸ਼ਾਲਾ ਦੀ ਸਥਾਪਨਾ, ਪੁਲਾੜ ਮੌਸਮ ਦੇ ਅਧਿਐਨ ‘ਚ ਸੋਧ ਅਤੇ ਵਿਕਾਸ, ਦੂਰਬੀਨ ਭੌਤਿਕੀ ਅਤੇ ਧਰਤੀ ਦੇ ਨੇੜੇ ਮੌਜੂਦ ਛੋਟੇ ਤਾਰੇ ਆਦਿ ਦੇ ਖੇਤਰ ‘ਚ ਅਧਿਐਨ ਇਸ ‘ਚ ਸ਼ਾਮਲ ਹਨ।