Image Courtesy :jagbani(punjabkesar)

ਬੀਜਿੰਗ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫੋਨ ‘ਤੇ ਗੱਲ ਕੀਤੀ। ਇਸ ਦੌਰਾਨ ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਹਾਂ ਪੱਖਾਂ ਨੂੰ ਸਰਹੱਦੀ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਦੇ ਲਈ ਮਤਭੇਦਾਂ ਨੂੰ ਹੱਲ ਕਰਨ ਲਈ ਸੰਚਾਰ ਅਤੇ ਤਾਲਮੇਲ ਮਜ਼ਬੂਤ ਕਰਨਾ ਚਾਹੀਦਾ ਹੈ।ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਨੂੰ ਚੀਨੀ ਫੌਜੀਆਂ ਦੇ ਨਾਲ ਹਿੰਸਕ ਝੜਪਾਂ ਵਿਚ 20 ਭਾਰਤੀ ਜਵਾਨਾਂ ਦੇ ਮਾਰੇ ਜਾਣ ਦੇ ਬਾਅਦ ਦੋਹਾਂ ਮੰਤਰੀਆਂ ਦੀ ਫੋਨ ‘ਤੇ ਗੱਲਬਾਤ ਹੋਈ ਹੈ।
ਇਸ ਨੂੰ ਪਿਛਲੇ ਪੰਜ ਦਹਾਕੇ ਵਿਚ ਦੋਹਾਂ ਦੇਸ਼ਾਂ ਦੇ ਵਿਚ ਸਭ ਤੋਂ ਵੱਡੀ ਮਿਲਟਰੀ ਝੜਪ ਦੱਸਿਆ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਦੇ ਮੁਤਾਬਕ ਵਾਂਗ ਨੇ ਕਿਹਾ ਕਿ ਦੋਹਾਂ ਪੱਖਾਂ ਨੂੰ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਵਿਚ ਬਣੀਆਂ ਮਹੱਤਵਪੂਰਣ ਸਹਿਮਤੀਆਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਮਾਧਿਅਮਾਂ ਨਾਲ ਸੀਮਾ ਦੇ ਹਾਲਾਤ ਨੂੰ ਸਹੀ ਤਰੀਕੇ ਨਾਲ ਸੰਭਾਲਣ ਦੇ ਲਈ ਸੰਚਾਰ ਅਤੇ ਤਾਲਮੇਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।ਬਿਆਨ ਵਿਚ ਕਿਹਾ ਗਿਆ ਹੈਕਿ ਦੋਹਾਂ ਪੱਖਾਂ ਨੇ ਗਲਵਾਨ ਘਾਟੀ ਵਿਚ ਝੜਪ ਕਾਰਨ ਬਣੀ ਗੰਭੀਰ ਸਥਿਤੀ ਨਾਲ ਸਹੀ ਤਰੀਕੇ ਨਾਲ ਨਜਿੱਠਣ ‘ਤੇ, ਦੋਹਾਂ ਪੱਖਾਂ ਦੇ ਵਿਚ ਮਿਲਟਰੀ ਪੱਧਰ ਦੀਆਂ ਬੈਠਕਾਂ ਵਿਚ ਆਮ ਸਹਿਮਤੀ ਦੇ ਸਾਂਝੇ ਪਾਲਣ ‘ਤੇ ਜਿੰਨੀ ਜਲਦੀ ਹੋ ਸਕੇ ਜ਼ਮੀਨੀ ਹਾਲਾਤ ਸ਼ਾਂਤ ਕਰਨ ਅਤੇ ਦੋਹਾਂ ਦੇਸ਼ਾਂ ਦੇ ਵਿਚ ਹੁਣ ਤੱਕ ਹੋਏ ਸਮਝੌਤੇ ਦੇ ਮੁਤਾਬਕ ਸਰਹੱਦੀ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ‘ਤੇ ਸਹਿਮਤੀ ਜ਼ਾਹਰ ਕੀਤੀ।
ਭਾਰਤ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆ ਸੈਨਾਵਾਂ ਦੇ ਵਿਚ ਹਿੰਸਕ ਝੜਪ ਖੇਤਰ ਵਿਚ ਸਥਿਤੀ ਦੇ ਮੁਤਾਬਕ ਇਕਪਾਸੜ ਤਰੀਕੇ ਨਾਲ ਬਦਲਣ ਦੀ ਚੀਨੀ ਪੱਖ ਦੀਆਂ ਕੋਸ਼ਿਸ਼ ਦਾ ਨਤੀਜਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਪੱਖਾਂ ਦੇ ਜਵਾਨ ਜ਼ਖਮੀ ਹੋਏ ਹਨ ਅਤੇ ਜੇਕਰ ਉੱਚ ਪੱਧਰ ‘ਤੇ ਪਹਿਲਾਂ ਹੋ ਚੁੱਕੇ ਸਮਝੌਤੇ ਦਾ ਚੀਨੀ ਪੱਖ ਈਮਾਨਦਾਰੀ ਨਾਲ ਪਾਲਣ ਕਰਦਾ ਤਾਂ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਸੀ।

News Credit :jagbani(punjabkesar)