Image Courtesy :jagbani(punjabkesar)

ਲਾਹੌਰ – ਪਾਕਿਸਤਾਨ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਫਰੰਟ ਲਾਈਨ ‘ਤੇ ਨਜਿੱਠ ਰਹੇ ਘਟੋਂ-ਘੱਟ 65 ਸਿਹਤ ਕਰਮੀ ਜਾਨਲੇਵਾ ਵਾਇਰਸ ਦੇ ਕਾਰਨ ਜਾਨ ਗੁਆ ਚੁੱਕੇ ਹਨ, ਜਦਕਿ ਕਰੀਬ 5,000 ਸਿਹਤ ਕਰਮੀ ਪ੍ਰਭਾਵਿਤ ਹੋਏ ਹਨ। ਰਾਸ਼ਟਰੀ ਸਿਹਤ ਸੰਸਥਾਨ ਦੀ ਰਿਪੋਰਟ ਵਿਚ ਆਖਿਆ ਗਿਆ ਹੈ, ’42 ਡਾਕਟਰਾਂ ਸਮੇਤ ਕਰੀਬ 65 ਸਿਹਤ ਕਰਮੀਆਂ ਨੇ ਕੋਰੋਨਾਵਾਇਰਸ ਕਾਰਨ ਆਪਣੀ ਜਾਨ ਗੁਆਈ ਹੈ। ਉਨ੍ਹਾਂ ਵਿਚੋਂ 30 ਡਾਕਟਰ ਪੰਜਾਬ ਸੂਬੇ ਦੇ ਹਨ।’
ਅੰਕੜਿਆਂ ਮੁਤਾਬਕ, ਸਿੰਧ ਵਿਚ ਕੋਵਿਡ-19 ਨਾਲ 11 ਡਾਕਟਰਾਂ ਅਤੇ ਇਕ ਨਰਸ ਦੀ ਜਾਨ ਚੱਲੀ ਗਈ ਹੈ, ਜਦਕਿ ਬਲੋਚਿਸਤਾਨ ਵਿਚ 4 ਡਾਕਟਰ ਅਤੇ 3 ਪੈਰਾ-ਮੈਡੀਕਲ ਕਰਮੀ ਅਤੇ ਗਿਲਗਿਤ-ਬਾਲਤੀਸਤਾਨ ਵਿਚ ਇਕ ਡਾਕਟਰ ਦੀ ਮੌਤ ਹੋਈ ਹੈ। ਖੈਬਰ-ਪਖਤੂਨਖਵਾ ਵਿਚ ਜਾਨ ਗੁਆਣ ਵਾਲੇ ਡਾਕਟਰਾਂ ਵਿਚ ਇਕ ਸਿੱਖ ਡਾਕਟਰ ਡਾ. ਫਾਗਚੰਦ ਸਿੰਘ ਵੀ ਸ਼ਾਮਲ ਹਨ। ਰਿਪੋਰਟ ਵਿਚ ਆਖਿਆ ਗਿਆ ਹੈ ਕਿ ਦੇਸ਼ ਵਿਚ ਹੁਣ ਤੱਕ 3,000 ਡਾਕਟਰਾਂ ਅਤੇ 600 ਨਰਸਾਂ ਸਮੇਤ ਕਰੀਬ 5,000 ਸਿਹਤ ਕਰਮੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਉਥੇ ਹੀ ਸਿਹਤ ਮੰਤਰਾਲੇ ਮੁਤਾਬਕ, ਪਾਕਿਸਤਾਨ ਵਿਚ ਸੋਮਵਾਰ ਨੂੰ ਕੋਰੋਨਾ ਦੇ 4,471 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਪ੍ਰਭਾਵਿਤਾਂ ਦੀ ਗਿਣਤੀ 1,81,088 ਹੋ ਗਈ ਹੈ ਜਦਕਿ 89 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ 3,590 ਤੱਕ ਪਹੁੰਚ ਗਈ ਹੈ।

News Credit :jagbani(punjabkesar)