ਵਾਸ਼ਿੰਗਟਨ : ਅਮਰੀਕਾ ਵਿਚ ਪਾਕਿਸਤਾਨੀ ਅਸੰਤੁਸ਼ਟਾਂ ਦੇ ਇਕ ਸਮੂਹ ਨੇ ਮਾਰੇ ਗਏ ਅਲ਼-ਕਾਇਦਾ ਪ੍ਰਮੁੱਖ ਅਤੇ 9/11 ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਕਹਿਣ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਇਮਰਾਨ ਦੇ ਇਸ ਬਿਆਨ ‘ਤੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। South Asian Against Terrorism and For Human Rights (SAATH) ਫੋਰਮ ਦੇ ਬੈਨਰ ਹੇਠ ਸਮੂਹ ਨੇ ਸੰਸਦ ਵਿਚ ਇਸ ਤਰ੍ਹਾਂ ਦਾ ਬਿਆਨ ਦੇਣ ‘ਤੇ ਇਮਰਾਨ ਦੀ ਨਿੰਦਾ ਕੀਤੀ। ਸਮੂਹ ਵਿਚ ਅਮਰੀਕੀ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਰਹੇ ਹੁਸੈਨ ਹੱਕਾਨੀ ਵੀ ਸ਼ਾਮਲ ਹਨ।
ਸਮੂਹ ਦੇ ਬਿਆਨ ਵਿਚ ਕਿਹਾ ਗਿਆ,”ਇਸ ਨਾਲੋਂ ਦੁੱਖਦਾਈ ਗੱਲ ਕੀ ਹੋ ਸਕਦੀ ਹੈ ਕਿ ਇਮਰਾਨ ਖਾਨ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਅੰਦਰ ਇਹ ਦਾਅਵਾ ਕੀਤਾ। ਪਾਕਿਸਤਾਨ ਦੇ ਇਕ ਹੋਰ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ 9 ਮਈ, 2011 ਨੂੰ ਨੈਸ਼ਨਲ ਅਸੈਂਬਲੀ ਵਿਚ ਬਿਨ ਲਾਦੇਨ ਨੂੰ ਅੱਤਵਾਦੀ ਐਲਾਨਿਆ ਸੀ ਅਤੇ ਉਸ ਦੇ ਮਾਰੇ ਜਾਣ ਦਾ ਸਵਾਗਤ ਕੀਤਾ ਸੀ।” 25 ਜੂਨ ਨੂੰ ਬਜਟ ਸੈਸ਼ਨ ਦੇ ਦੌਰਾਨ ਸੰਸਦ ਵਿਚ ਆਪਣੇ ਸੰਬੋਧਨ ਵਿਚ ਇਮਰਾਨ ਨੇ ਲਾਦੇਨ ਨੂੰ ਸ਼ਹੀਦ ਕਿਹਾ ਸੀ ਅਤੇ ਕਿਹਾ ਕਿ ਅੱਤਵਾਦ ਦੇ ਵਿਰੁੱਧ ਅਮਰੀਕੀ ਹਮਲੇ ਦੇ ਬਾਅਦ ਪਾਕਿਸਤਾਨ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।
ਇਮਰਾਨ ਨੇ ਕਿਹਾ ਸੀ,”ਦੁਨੀਆ ਭਰ ਵਿਚ ਪਾਕਿਸਤਾਨੀਆਂ ਲਈ ਇਹ ਇਕ ਸ਼ਰਮਨਾਕ ਪਲ ਸੀ ਜਦੋਂ ਅਮਰੀਕੀਆਂ ਨੇ ਐਬਟਾਬਾਦ ਵਿਚ ਓਸਾਮਾ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ ਮਤਲਬ ਸ਼ਹੀਦ ਕਰ ਦਿੱਤਾ। ਇਸ ਬਿਆਨ ਦੇ ਬਾਅਦ ਪੂਰੀ ਦੁਨੀਆ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਾਡਾ ਸਾਥੀ ਸਾਡੇ ਦੇਸ਼ ਦੇ ਅੰਦਰ ਆਇਆ ਅਤੇ ਬਿਨਾਂ ਸਾਨੂੰ ਦੱਸੇ ਕਿਸੇ ਨੂੰ ਮਾਰ ਕੇ ਚਲਾ ਗਿਆ। ਅੱਤਵਾਦੀਆਂ ਦੇ ਵਿਰੁੱਧ ਅਮਰੀਕਾ ਦੇ ਹਮਲੇ ਦੇ ਕਾਰਨ ਹੁਣ ਤੱਕ 70,000 ਪਾਕਿਸਤਾਨੀ ਮਾਰੇ ਗਏ ਹਨ।” ਗੌਰਤਲਬ ਹੈ ਕਿ ਓਸਾਮਾ ਬਿਨ ਲਾਦੇਨ ਨੂੰ ਯੂਐੱਸ ਨੇਵੀ ਸੀਲਸ ਨੇ ਮਈ, 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਢੇਰੀ ਕੀਤਾ ਸੀ। ਇਮਰਾਨ ਦੇ ਬਿਆਨ ਦੀ ਆਲੋਚਨਾ ਕਰਦਿਆਂ ਸਾਥ ਨੇ ਕਿਹਾ,”ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ 9/11 ਨੂੰ ਹੋਏ ਕਹਿਰ ਦੇ ਇਲਾਵਾ ਪੂਰੀ ਦੁਨੀਆ ਵਿਚ ਕਈ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਓਸਾਮਾ ਬਿਨ ਲਾਦੇਨ ਨੇ ਹਜ਼ਾਰਾਂ ਪਾਕਿਸਤਾਨੀਆਂ ਅਤੇ ਅਫਗਾਨਾਂ ਦੀ ਜਾਨ ਲਈ ਸੀ। ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਮੁਤਾਬਕ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਲੁਕੇ ਰਹਿਣ ਦੌਰਾਨ ਉਹ ਆਪਣੀ ਭਿਆਨਕ ਯੋਜਨਾਵਾਂ ਦੀ ਸਾਜਿਸ਼ ਰਚ ਰਿਹਾ ਸੀ।

News Credit :jagbani(punjabkesar)