Image Courtesy : ਏਬੀਪੀ ਸਾਂਝਾ

2017 ਦੀਆਂ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕਈ ਮਨਮੋਹਕ ਵਾਅਦੇ ਕੀਤੇ ਸੀ। ਇਨ੍ਹਾਂ ਵਾਅਦਿਆਂ ਵਿੱਚ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਵੀ ਸੀ। ਇਸ ਕਾਰਨ ਕਾਂਗਰਸ ਨੂੰ ਵੀ ਨੌਜਵਾਨਾਂ ਦਾ ਬਹੁਤ ਚੰਗਾ ਹੁੰਗਾਰਾ ਮਿਲਿਆ ਸੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਪੂਰਾ ਨਹੀਂ ਹੋਇਆ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਅਦੇ ਨੂੰ ਪੂਰਾ ਕਰਨ ਦੇ ਮਾਮਲੇ ਵਿੱਚ ਚੀਨੀ ਸਾਮਾਨ ਦੇ ਬਾਈਕਾਟ ਦਾ ਐਂਗਲ ਦੇ ਦਿੱਤਾ ਹੈ।
ਪੰਜਾਬ ਵਿੱਚ ਸਮਾਰਟਫੋਨ ਵੰਡਣ ਦੇ ਵੱਡੇ ਚੋਣ ਵਾਅਦੇ ਬਾਰੇ ਸਵਾਲ ‘ਤੇ ਮੁੱਖ ਮੰਤਰੀ ਕੈਪਟਨ ਨੇ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਭਾਰਤੀ ਮੋਬਾਈਲ ਕੰਪਨੀ ਕੋਲ ਆਰਡਰ ਦੇ ਚੁੱਕੀ ਹੈ। ਉਸ ਕੰਪਨੀ ਨੇ ਸਾਨੂੰ ਦੱਸਿਆ ਹੈ ਕਿ 50 ਹਜ਼ਾਰ ਮੋਬਾਈਲ ਤਿਆਰ ਹਨ ਤੇ ਬਾਕੀ ਜੁਲਾਈ ਵਿੱਚ ਸਪਲਾਈ ਕੀਤੇ ਜਾਣਗੇ।
ਕੈਪਟਨ ਨੇ ਕਿਹਾ ਕਿ ਭਾਵੇਂ ਇਹ ਭਾਰਤੀ ਮੋਬਾਈਲ ਕੰਪਨੀ ਹੈ, ਇਸ ਕੰਪਨੀ ਵਿੱਚ ਚੀਨ ਦੀ ਹਿੱਸੇਦਾਰੀ ਦੀ ਪੜਤਾਲ ਕਰਨ ਤੋਂ ਬਾਅਦ ਹੀ ਅੰਤਮ ਫੈਸਲਾ ਲਿਆ ਜਾਵੇਗਾ। ਜੇ ਇਸ ਕੰਪਨੀ ਦਾ ਚੀਨ ਨਾਲ ਸਬੰਧ ਲੱਭ ਲਿਆ ਗਿਆ ਤਾਂ ਇਨ੍ਹਾਂ ਮੋਬਾਈਲਾਂ ਦਾ ਆਰਡਰ ਰੱਦ ਕੀਤਾ ਜਾ ਸਕਦਾ ਹੈ। ਇਹ ਸਪੱਸ਼ਟ ਹੈ ਕਿ ਨੌਜਵਾਨਾਂ ਨੂੰ ਸਮਾਰਟਫੋਨ ਪ੍ਰਾਪਤ ਕਰਨ ਵਿੱਚ ਅਜੇ ਹੋਰ ਸਮਾਂ ਲੱਗ ਸਕਦਾ ਹੈ।
ਇਸ ਸਾਰੇ ਮਾਮਲੇ ‘ਤੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਿਰਫ ਪੰਜਾਬ ਸਰਕਾਰ ਦੇ ਬਹਾਨੇ ਹਨ। ਲੌਕਡਾਊਨ ਦੌਰਾਨ ਜਦੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦੀ ਸਭ ਤੋਂ ਵੱਧ ਜ਼ਰੂਰਤ ਸੀ, ਉਦੋਂ ਸਰਕਾਰ ਨੇ ਮੋਬਾਈਲ ਨਹੀਂ ਦਿੱਤੇ। ਹੁਣ ਚੀਨ ਦੇ ਬਾਈਕਾਟ ਦਾ ਬਹਾਨਾ ਬਣਾਇਆ ਜਾ ਰਿਹਾ ਹੈ।

News Credit : ਏਬੀਪੀ ਸਾਂਝਾ