Image Courtesy :m.punjabi.bollywoodtadka

ਬੌਲੀਵੁਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਫ਼ਿਲਮੀ ਕਰੀਅਰ ‘ਚ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਆਪਣੀ ਸ਼ਾਨਦਾਰ ਐਕਟਿੰਗ ਨੂੰ ਵੀ ਸਾਬਿਤ ਕੀਤਾ। ਅਰਜੁਨ ਨੇ ਪਿਛਲੇ ਮਹੀਨੇ ਆਪਣਾ 35ਵਾਂ ਜਨਮਦਿਨ ਮਨਾਇਆ, ਪਰ ਅੱਜ ਹੌਟ, ਡੈਸ਼ਿੰਗ ਅਤੇ ਫ਼ਿੱਟ ਦਿਖਣ ਵਾਲੇ ਅਰਜੁਨ ਕਪੂਰ ਅਦਾਕਾਰ ਬਣਨ ਤੋਂ ਪਹਿਲਾਂ ਕਾਫ਼ੀ ਮੋਟਾ ਹੁੰਦਾ ਸੀ। ਜੀ ਹਾਂ, ਉਸ ਦੀ ਲੁਕ ਦੇਖ ਕੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਉਹ ਇੰਨਾ ਮੋਟਾ ਵੀ ਹੋ ਸਕਦਾ ਹੈ। ਉਸ ਨੇ ਅਦਾਕਾਰ ਬਣਨ ਲਈ ਸਖ਼ਤ ਮਿਹਨਤ ਕੀਤੀ। ਜ਼ਿਕਰਯੋਗ ਹੈ ਕਿ ਇੱਕ ਵਕਤ ਉਸ ਦਾ ਭਾਰ 140 ਕਿੱਲੋ ਸੀ ਜਿਸ ਨੂੰ ਅਰਜੁਨ ਨੇ ਤੇਜ਼ੀ ਨਾਲ ਘਟਾਇਆ। ਅਰਜੁਨ ਪ੍ਰੋਫ਼ੈਸ਼ਨਲ ਲਾਈਫ਼ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਚ ਰਹਿੰਦੈ। ਅਸੀਂ ਤੁਹਾਨੂੰ ਇਸ ਹਫ਼ਤੇ ਅਰਜੁਨ ਕਪੂਰ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
ਅਰਜੁਨ ਕਪੂਰ ਦਾ ਜਨਮ 26 ਜੂਨ 1985 ਨੂੰ ਮੁੰਬਈ ‘ਚ ਹੋਇਆ ਸੀ, ਅਤੇ ਫ਼ੇਮਸ ਨਿਰਮਾਤਾ ਬੋਨੀ ਕਪੂਰ ਉਸ ਦੇ ਪਿਤਾ ਅਤੇ ਮਰਹੂਮ ਮੋਨਾ ਕਪੂਰ ਮਾਂ ਹਨ। ਅਰਜੁਨ ਦੇ ਪਿਤਾ ਬੋਨੀ ਕਪੂਰ ਨੇ ਮਰਹੂਮ ਅਦਾਕਾਰ ਸ਼੍ਰੀਦੇਵੀ ਨਾਲ ਦੂਜਾ ਵਿਆਹ ਕਰਵਾਇਆ ਸੀ। ਅਰਜੁਨ ਦੀ ਇੱਕ ਭੈਣ ਹੈ ਜਿਸ ਦਾ ਨਾਂ ਅੰਸ਼ੁਲਾ ਕਪੂਰ ਹੈ, ਉੱਥੇ ਹੀ ਅਨਿਲ ਕਪੂਰ ਅਤੇ ਸੰਜੇ ਕਪੂਰ ਉਸ ਦੇ ਚਾਚੇ ਹਨ। ਜਾਨਹਵੀ ਕਪੂਰ ਅਤੇ ਖ਼ੁਸ਼ੀ ਕਪੂਰ ਅਰਜੁਨ ਦੀਆਂ ਮਤਰੇਈਆਂ ਭੈਣਾਂ ਹਨ। ਅਰਜੁਨ ਕਪੂਰ ਨੇ ਸਭ ਤੋਂ ਪਹਿਲਾਂ ਬਤੌਰ ਇੱਕ ਅਸਿਸਟੈਂਟ ਡਾਇਰੈਕਟਰ ਨਿਖਿਲ ਅਡਵਾਨੀ ਨਾਲ ਫ਼ਿਲਮ ਕਲ ਹੋ ਨਾ ਹੋ ‘ਚ ਕੰਮ ਕੀਤਾ।
ਉਸ ਤੋਂ ਬਾਅਦ ਫ਼ਿਲਮ ਸਲਾਮ-ਏ-ਇਸ਼ਕ ‘ਚ ਵੀ ਉਹ ਇੱਕ ਅਸਿਸਟੈਂਟ ਡਾਇਰੈਕਟਰ ਸੀ। ਅਰਜੁਨ ਕਪੂਰ ਨੇ ਵੌਂਟੇਡ’ ਅਤੇ ਨੋ ਐਂਟਰੀ ਵਰਗੀਆਂ ਫ਼ਿਲਮਾਂ ‘ਚ ਵੀ ਇੱਕ ਐਸੋਸੀਏਟ ਪ੍ਰੋਡਿਊਸਰ ਦੇ ਤੌਰ ‘ਤੇ ਕੰਮ ਕੀਤਾ। ਇਨ੍ਹਾਂ ਦੋਹਾਂ ਫ਼ਿਲਮਾਂ ਦਾ ਨਿਰਮਾਣ ਬੋਨੀ ਕਪੂਰ ਨੇ ਕੀਤਾ ਸੀ। ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਅਰਜੁਨ ਕਪੂਰ ਨੇ ਫ਼ਿਲਮ ਇਸ਼ਕਜ਼ਾਦੇ ਤੋਂ ਕੀਤੀ ਸੀ। ਇਸ ਫ਼ਿਲਮ ‘ਚ ਉਸ ਨਾਲ ਪਰਿਣਿਤੀ ਚੋਪੜਾ ਲੀਡ ਰੋਲ ‘ਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਦੋਹਾਂ ਦੀ ਕਾਫ਼ੀ ਸ਼ਲਾਘਾ ਹੋਈ ਸੀ।
ਦੱਸ ਦੇਈਏ ਕਿ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਅਰਜੁਨ ਦਾ ਭਾਰ 140 ਕਿੱਲੋ ਸੀ, ਅਤੇ ਉਸ ਨੇ ਕਦੇ ਵੀ ਇੱਕ ਹੀਰੋ ਬਣਨ ਬਾਰੇ ਨਹੀਂ ਸੀ ਸੋਚਿਆ ਜਿਸ ਦੀ ਵਜ੍ਹਾ ਉਸ ਦਾ ਭਾਰ ਹੀ ਸੀ। ਖ਼ੁਦ ਨੂੰ ਫ਼ਿੱਟ ਕਰਨ ਲਈ ਅਰਜੁਨ ਨੇ ਦਿਨ-ਰਾਤ ਜਿਮ ‘ਚ ਪਸੀਨਾ ਵਹਾਇਆ। ਆਪਣੀ ਡਾਈਟ ‘ਤੇ ਕੰਟਰੋਲ ਕੀਤਾ ਅਤੇ ਫ਼ਿੱਟ ਹੋਣ ਲਈ ਬੈਲੇਂਸਡ ਡਾਈਟ ਫ਼ੌਲੋ ਕਰ ਕੇ ਖ਼ੁਦ ਨੂੰ ਫ਼ਿੱਟ ਬਣਾਇਆ। ਅਰਜੁਨ ਅੱਜ ਆਪਣੀ ਫ਼ਿੱਟਨੈੱਸ ਦਾ ਪੂਰਾ ਧਿਆਨ ਰੱਖਦੈ।
ਦੱਸਣਯੋਗ ਹੈ ਕਿ ਯਸ਼ਰਾਜ ਬੈਨਰ ਦੀ ਫ਼ਿਲਮ ਇਸ਼ਕਜ਼ਾਦੇ ਤੋਂ ਬਾਅਦ ਉਹ ਗੁੰਡੇ, 2 ਸਟੇਟਸ, ਤੇਵਰ’, ਕੀ ਐਂਡ ਕਾ, ਹਾਫ਼ ਗਰਲਫ਼ਰੈਂਡ ਅਤੇ ਪਾਨੀਪਤ ‘ਚ ਨਜ਼ਰ ਆਇਆ।