Image Courtesy :jagbani(punjabkesar)

ਨਵੀਂ ਦਿੱਲੀ – ਕੋਵਿਡ-19 ਮਹਾਂਮਾਰੀ ਕਾਰਣ ਆਪਣੇ ਘਰ ਵਿੱਚ ਰਹਿਣ ਲਈ ਮਜਬੂਰ ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਨੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਆਊਟਡੋਰ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਹਾਰਦਿਕ ਪੰਡਯਾ ਦੇ ਵੱਡੇ ਭਰਾ ਕਰੁਣਾਲ ਨੇ 18 T-20 ਕੌਮਾਂਤਰੀ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਬੜੌਦਾ ਦੇ ਇਸ ਕ੍ਰਿਕਟਰ ਨੇ ਆਪਣੇ ਵਰਕਆਊਟ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ”ਮੈਦਾਨ ‘ਤੇ ਦੌੜ ਲਾ ਕੇ ਦਿਨ ਦੀ ਸ਼ੁਰੂਆਤ ਕੀਤੀ … ਇੱਕ ਵਾਰ ਫ਼ਿਰ ਇੱਥੇ ਆ ਕੇ ਚੰਗਾ ਲੱਗ ਰਿਹੈ।”
ਸਾਰੇ ਹੋਰ ਕ੍ਰਿਕਟਰਾਂ ਦੀ ਤਰ੍ਹਾਂ ਕਰੁਣਾਲ ਵੀ 25 ਮਾਰਚ ਤੋਂ ਆਪਣੇ ਘਰ ਦੇ ਅੰਦਰ ਰਹਿਣ ਨੂੰ ਮਜਬੂਰ ਹੈ ਜਦੋਂ ਤੋਂ ਸਰਕਾਰ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਣ ਰਾਸ਼ਟਰ ਪੱਧਰੀ ਲੌਕਡਾਊਨ ਦਾ ਐਲਾਨ ਕੀਤਾ ਸੀ। ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਪਿਛਲੇ ਮਹੀਨੇ ਟ੍ਰੇਨਿੰਗ ਸ਼ੁਰੂ ਕਰਨ ਵਾਲਾ BCCI ਤੋਂ ਮਾਨਤਾ ਪ੍ਰਾਪਤ ਪਹਿਲਾ ਖਿਡਾਰੀ ਬਣਿਆ ਸੀ ਜਦੋਂ ਉਸ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਬੋਇਸਰ ਵਿੱਚ ਨੈੱਟ ‘ਤੇ ਗੇਂਦਬਾਜ਼ੀ ਕੀਤੀ ਸੀ। ਹਾਲ ਹੀ ਵਿੱਚ ਭਾਰਤ ਦੇ ਟੈੱਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀ ਰਾਜਕੋਟ ਵਿੱਚ ਨੈੱਟ ਅਭਿਆਸ ਕੀਤਾ।