Image Courtesy :jagbani(punjabkesar)

ਸੰਗਰੂਰ : ਕਾਂਗਰਸ ਸਰਕਾਰ ਦੀਆਂ ਵਧੀਕੀਆਂ ਹੱਥੋਂ ਦੁਖੀ ਹੋ ਕੇ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਸਨ। ਹੁਣ ਇੱਕ ਹੋਰ ਕਿਸਾਨ ਬਠਿੰਡਾ ਥਰਮਲ ਪਲਾਂਟ ਨੂੰ ਨਿਲਾਮ ਕਰਨ ਦੇ ਫ਼ੈਸਲੇ ਦੀ ਭੇਂਟ ਚੜ੍ਹਿਆ ਹੈ। ‘ਗੁਰੂ ਨਾਨਕ ਦੇਵ ਇਤਿਹਾਸਕ ਥਰਮਲ ਪਲਾਂਟ ਹੈ ਸ਼ਾਨ, ਮੈਂ ਇਸ ਨੂੰ ਵੇਚਣ ਤੋਂ ਰੋਕਣ ਲਈ ਕਰਦਾ ਹਾਂ ਜਿੰਦ ਕੁਰਬਾਨ’ ਦੀ ਤਖ਼ਤੀ ਫੜ੍ਹ ਕੇ ਜ਼ਿਲ੍ਹਾ ਸੰਗਰੂਰ ਦੀ ਚੀਮਾ ਮੰਡੀ ਦੇ ਜੋਗਿੰਦਰ ਸਿੰਘ ਪੁੱਤਰ ਗਮਦੂਰ ਸਿੰਘ ਨੇ ਥਰਮਲ ਅੱਗੇ ਪਹੁੰਚ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਦੇ ਘਰ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਖਡਿਆਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਹੱਥੋਂ ਦੁਖੀ ਹੋ ਕੇ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਅਖ਼ਤਿਆਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਨਾਲ ਸਾਡੇ ਪੰਜਾਬੀਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਦੀ ਮੌਤ ਦੀ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਕਾਂਗਰਸ ਸਰਕਾਰ ਹੈ, ਜਿਸ ਨੇ ਅਜਿਹਾ ਬੱਜਰ ਗੁਨਾਹ ਕਰਕੇ ਸਾਡੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਚੀਮਾਂ ਸਾਹਿਬ ਦੇ ਕਿਸਾਨ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੌਜੂਦਾ ਸਰਕਾਰ ਨਾਲ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਲੜਾਈ ਲੜੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਬਠਿੰਡਾ ਥਰਮਲ ਪਲਾਂਟ ਦੇ ਗੇਟ ਬਾਹਰ ਬੈਠੇ ਇਕ ਬਜ਼ੁਰਗ ਕਿਸਾਨ ਦੀ ਵੀ ਮੌਤ ਹੋ ਗਈ ਸੀ।

News Credit :jagbani(punjabkesar)