Image Courtesy :theprint

ਸਪੋਰਟਸ ਡੈਸਕ – ਚੀਨ ਨਾਲ ਸੀਮਾ ਵਿਵਾਦ ਵਿਚਕਾਰ ਭਾਰਤ ਦੀ ਕੇਂਦਰ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੀਆਂ 59 ਮੋਬਾਈਲ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਪੱਖਪਾਤ ਰੱਖਣ ਵਾਲਾ ਕਰਾਰ ਦਿੱਤਾ ਹੈ। ਇਨ੍ਹਾਂ ਵਿੱਚ ਚੀਨ ਦੀ ਟਿਕਟੌਕ, ਸ਼ੇਅਰਇਟ ਅਤੇ ਵੀਚੈਟ ਵਰਗੀਆਂ ਐਪਸ ਵੀ ਸ਼ਾਮਿਲ ਹਨ। ਟਿਕਟੌਕਕ ਐਪ ‘ਤੇ ਪਾਬੰਦੀ ਲਾਉਣ ਤੋਂ ਬਾਅਦ ਭਾਰਤ ਦੇ ਸਟਾਰ ਗੇਂਦਬਾਜ਼ ਰਵੀ ਚੰਦਰਨ ਅਸ਼ਵਿਨ ਨੇ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਦੇ ਫ਼ਿਲਮੀ ਅੰਦਾਜ਼ ਵਿੱਚ ਮਜ਼ੇ ਲਏ।

ਵੱਖ-ਵੱਖ ਸਟਾਈਲਾਂ ਨਾਲ ਗੇਂਦਬਾਜ਼ੀ ਕਰਨ ਵਿੱਚ ਮਾਹਿਰ ਅਸ਼ਵਿਨ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੈ। ਉਹ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਹਸਾਉਣ ਦਾ ਕੋਈ ਮੌਕਾ ਨਹੀਂ ਛੱਡਦਾ। ਦਰਅਸਲ, ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਦੇਸ਼ਾਂ ਵਿੱਚ ਕ੍ਰਿਕਟ ਪ੍ਰਤੀਯੋਗਿਤਾਵਾਂ ਨਹੀਂ ਹੋ ਰਹੀਆਂ ਕਮੋਬੇਸ਼ ਆਸਟਰੇਲੀਆ ਦਾ ਵੀ ਇਹੋ ਹਾਲ ਹੈ। ਇਹੀ ਕਾਰਨ ਹੈ ਕਿ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਇਨ੍ਹੀਂ ਦਿਨੀ ਪਰਿਵਾਰ ਦੇ ਨਾਲ ਆਪਣਾ ਕੀਮਤੀ ਸਮਾਂ ਬਿਤਾ ਰਿਹਾ ਹੈ।
ਵਾਰਨਰ ਪਰਿਵਾਰ ਨਾਲ ਟਿਕਟੌਕ ਵੀਡੀਓ ਵੀ ਬਣਾ ਰਿਹੈ। ਉਹ ਇਨ੍ਹਾਂ ਵੀਡੀਓਜ਼ ਨੂੰ ਅਕਸਰ ਆਪਣੇ ਇਨਸਟਾਗ੍ਰਾਮ ‘ਤੇ ਸ਼ੇਅਰ ਕਰਦਾ ਰਹਿੰਦੈ। ਵਾਰਨਰ ਦੀਆਂ ਇਨ੍ਹਾਂ ਵੀਡੀਓਜ਼ ਨੂੰ ਭਾਰਤ ਵਿੱਚ ਕਾਫ਼ੀ ਪਸੰਦ ਕੀਤਾ ਜਾਂਦੈ। ਵਾਰਨਰ ਵੀ ਭਾਰਤੀ ਪ੍ਰਸ਼ੰਸਕਾਂ ਲਈ ਹਿੰਦੀ, ਪੰਜਾਬੀ ਅਤੇ ਦੱਖਣੀ ਭਾਰਤੀ ਗੀਤਾਂ ‘ਤੇ ਡਾਂਸ ਕਰਦੈ। ਉਸ ਦੀਆਂ ਵੀਡੀਓਜ਼ ਦੇਖਣ ਤੋਂ ਬਾਅਦ ਤਾਂ ਪ੍ਰਸ਼ੰਸਕ ਉਸ ਨੂੰ ਫ਼ਿਲਮਾਂ ਵਿੱਚ ਕੋਸ਼ਿਸ਼ ਕਰਨ ਲਈ ਵੀ ਕਹਿੰਦੇ ਰਹਿੰਦੇ ਹਨ। ਅਜਿਹੇ ਵਿੱਚ, ਭਾਰਤ ਵਿੱਚ ਟਿਕਟੌਕ ਬੈਨ ਹੋਣ ਨਾਲ ਡੇਵਿਡ ਵਾਰਨਰ ਨੂੰ ਜ਼ਾਹਿਰ ਹੈ ਕਿ ਵੱਡਾ ਨੁਕਸਾਨ ਹੋਇਐ।
ਭਾਰਤ ਵਿੱਚ ਟਿਕਟੌਕ ‘ਤੇ ਪਾਬੰਦੀ ਲੱਗਣ ਤੋਂ ਬਾਅਦ ਅਸ਼ਵਿਨ ਨੇ ਟਵਿਟਰ ‘ਤੇ ਆਸਟਰੇਲੀਆਈ ਓਪਨਰ ਦੇ ਫ਼ਿਲਮੀ ਅੰਦਾਜ਼ ਵਿੱਚ ਮਜ਼ੇ ਲਏ। ਉਸ ਨੇ ਵਾਰਨਰ ਨੂੰ ਟੈਗ ਕਰਦਿਆਂ ਓਪੋ ਅਨਵਰ ਲਿਖਿਆ। ਦਰਅਸਲ ਓਪੋ ਅਨਵਰ ਸੁਪਰ ਸਟਾਰ ਰਜਨੀਕਾਂਤ ਦੀ 1995 ਵਿੱਚ ਆਈ ਫ਼ਿਲਮ ਮਣਿਕ ਭਾਸ਼ਾ ਦਾ ਇੱਕ ਡਾਇਲੌਗ ਹੈ। ਇਸ ਦਾ ਮਤਲਬ ਹੈ ਕਿ ਹੁਣ ਡੇਵਿਡ ਵਾਰਨਰ ਕੀ ਕਰਨ ਜਾ ਰਹੇ ਹਨ?