Image Courtesy :punjabi.bollywoodtadka

ਪੰਜਾਬੀ ਸਿਨੇਮਾ ਦਿਨੋਂ-ਦਿਨ ਨਵੀਆਂ ਪੈੜਾਂ ਪਾਉਂਦਾ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਮੁੜ ਪੈਰਾਂ ‘ਤੇ ਲੈ ਕੇ ਆਉਣ ‘ਚ ਕੌਮੇਡੀ ਕਲਾਕਾਰਾਂ ਦਾ ਵੱਡਾ ਯੋਗਦਾਨ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਪੰਜਾਬੀ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਉਦਯੋਗ ਨੂੰ ਮੁੜ ਪੱਕੇ ਪੈਰੀਂ ਖੜ੍ਹਾ ਕਰਨ ‘ਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ‘ਚੋਂ ਬਹੁਤੇ ਕਲਾਕਾਰਾਂ ਨੇ ਆਪਣੀ ਕਲਾ ਦੇ ਦਮ ‘ਤੇ ਇੱਕ ਵੱਖਰੀ ਪਛਾਣ ਕਾਇਮ ਕੀਤੀ ਹੈ। ਜਿਵੇਂ ਇੱਕ ਚੰਗੀ ਅਤੇ ਦਮਦਾਰ ਫ਼ਿਲਮ ਬਣਾਉਣ ਲਈ ਵਧੀਆ ਸਕ੍ਰਿਪਟ ਅਤੇ ਅਦਾਕਾਰਾਂ, ਚੰਗੇ ਡਾਇਰੈਟਰ ਅਤੇ ਇੱਕ ਚੰਗੀ ਤਕਨੀਕੀ ਟੀਮ ਦਾ ਹੋਣਾ ਜ਼ਰੂਰੀ ਹੁੰਦਾ ਹੈ ਉਸੇ ਤਰ੍ਹਾਂ ਦਰਸ਼ਕਾਂ ਨੂੰ ਕੁਝ ਪਲ ਹਸਾਉਾਣ ਲਿਆਉਣ ਲਈ ਇੱਕ ਚੰਗੇ ਕੌਮੇਡੀਅਨ ਦਾ ਹੋਣਾ ਵੀ ਫ਼ਿਲਮ ਲਈ ਲਾਜ਼ਮੀ ਹੁੰਦਾ ਹੈ। 20ਵੀਂ ਸਦੀ ‘ਚ ਪੰਜਾਬੀ ਸਿਨੇਮਾ ਨੂੰ ਮੁੜ ਆਪਣੇ ਪੈਰਾਂ ‘ਤੇ ਲੈ ਕੇ ਆਉਣ ‘ਚ ਕੁਝ ਹਾਸਰਸ ਕਲਾਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਮੌਜੂਦਾ ਦੌਰ ਵਿੱਚ, ਜ਼ਿਆਦਾਤਰ ਕੌਮੇਡੀ ਫ਼ਿਲਮਾਂ ਨੇ ਚੰਗੀ ਕਾਮਯਾਬੀ ਹਾਸਲ ਕੀਤੀ ਹੈ। ਗਾਇਕ ਤੋਂ ਅਦਾਕਾਰ ਬਣੇ ਹਰਭਜਨ ਮਾਨ ਦੀ ਫ਼ਿਲਮ ਜੀ ਆਇਆਂ ਨੂੰ ਤੋਂ ਪੰਜਾਬੀ ਸਿਨੇਮਾ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਹੋਈ। ਇਸ ਫ਼ਿਲਮ ਦੀ ਸਫ਼ਲਤਾ ਮਗਰੋਂ ਪੰਜਾਬੀ ਸਿਨੇਮਾ ਦਿਨੋਂ-ਦਿਨ ਨਵੀਆਂ ਬੁਲੰਦੀਆਂ ਨੂੰ ਪਾਰ ਕਰਦਾ ਗਿਆ।
ਗੁਰਪ੍ਰੀਤ ਘੁੱਗੀ
ਪੰਜਾਬੀ ਸਿਨੇਮਾ ਵਿੱਚ ਗੁਰਪ੍ਰੀਤ ਘੁੱਗੀ ਇੱਕ ਕੌਮੇਡੀਅਨ ਹੀ ਨਹੀਂ ਸਗੋਂ ਨਾਇਕ ਦੇ ਤੌਰ ‘ਤੇ ਸੰਜੀਦਾ ਕਿਰਦਾਰਾਂ ਨੂੰ ਪਰਦੇ ‘ਤੇ ਪੇਸ਼ ਕਰਨ ਵਾਲਾ ਇੱਕ ਸਫ਼ਲ ਕਲਾਕਾਰ ਵੀ ਹੈ। ਅਜੋਕੇ ਦੌਰ ਦੀਆਂ ਫ਼ਿਲਮਾਂ ਵਿੱਚ ਇੱਕ ਅਲੱਗ ਪਛਾਣ ਰੱਖਣ ਵਾਲੇ ਇਸ ਅਦਾਕਾਰ ਨੇ ਐਕਟਰ ਬਣਨ ਦਾ ਸੁਫ਼ਨਾ ਬਚਪਨ ਦੇ ਦਿਨਾਂ ਵਿੱਚ ਹੀ ਲਿਆ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਨੂੰ ਵੱਡਾ ਸੰਘਰਸ਼ ਕਰਨਾ ਪਿਆ। ਸਮੇਂ ਅਤੇ ਹਾਲਾਤ ਨਾਲ ਜੂਝਦਾ ਗੁਰਪ੍ਰੀਤ ਘੁੱਗੀ ਜਦੋਂ ਆਪਣੇ ਉਸਤਾਦ ਬਲਵਿੰਦਰ ਵਿੱਕੀ ਉਰਫ਼ ਚਾਚਾ ਰੌਣਕੀ ਰਾਮ ਕੋਲ ਗਿਆ ਤਾਂ ਉਸ ਨੂੰ ਕਲਾਕਾਰੀ ਦੇ ਖੇਤਰ ‘ਚ ਅੱਗੇ ਵਧਣ ਦਾ ਇੱਕ ਚੰਗਾ ਮੌਕਾ ਮਿਲਿਆ। ਦੂਰਦਰਸ਼ਨ ਦੇ ਲੜੀਵਾਰਾਂ ਰੋਣਕ ਮੇਲਾ, ਨੂਰਾ ਅਤੇ ਪਰਛਾਵੇਂ ਵਿੱਚ ਘੁੱਗੀ ਦੇ ਕਿਰਦਾਰਾਂ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਓਮ ਪ੍ਰਕਾਸ਼ ਗਾਸੋ ਦੇ ਨਾਵਲ ‘ਤੇ ਆਧਾਰਿਤ ਪੰਜਾਬੀ ਲੜੀਵਾਰ ਪਰਛਾਂਵੇ ਨਾਲ ਮਿਲੀ ਪ੍ਰਸਿੱਧੀ ਨੇ ਉਸ ਦੀ ਕਲਾ ਨੂੰ ਇੱਕ ਨਵਾਂ ਮੋੜ ਦਿੱਤਾ।
ਦੂਰਦਰਸ਼ਨ ਅਤੇ ਆਲ ਇੰਡੀਆ ਦੇ ਪ੍ਰੋਗਰਾਮਾਂ ਰਾਹੀਂ ਇੱਕ ਵੱਖਰੀ ਪਛਾਣ ਬਣਾ ਚੁੱਕੇ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫ਼ਿਲਮ ਜੀ ਆਇਆਂ ਨੂੰ ਰਾਹੀਂ ਫ਼ਿਲਮੀ ਪਰਦੇ ਵੱਲ ਆਪਣਾ ਪਹਿਲਾ ਕਦਮ ਵਧਾਇਆ। ਭਾਵੇਂ ਗੁਰਪ੍ਰੀਤ ਘੁੱਗੀ ਨੇ ਹੁਣ ਤਕ ਜ਼ਿਆਦਾਤਰ ਕੌਮੇਡੀ ਕਿਰਦਾਰ ਹੀ ਨਿਭਾਏ, ਪਰ ਕੁਝ ਸਾਲ ਪਹਿਲਾਂ ਆਈ ਫ਼ਿਲਮ ਅਰਦਾਸ ‘ਚ ਮਾਸਟਰ ਗੁਰਮੱਖ ਸਿੰਘ ਦੇ ਕਿਰਦਾਰ ਰਾਹੀਂ ਉਸ ਨੇ ਦਰਸ਼ਕਾਂ ਦੇ ਦਿਲਾਂ ‘ਤੇ ਨਾਇਕ ਵਾਲੀ ਗੂੜ੍ਹੀ ਮੋਹਰ ਲਗਾ ਦਿੱਤੀ। ਇਸ ਕਿਰਦਾਰ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਇਹ ਕੌਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਹੀ ਹੈ ਜਾਂ ਬਹੁਤ ਹੀ ਸੁਲਝਿਆ ਅਤੇ ਮੰਝਿਆ ਹੋਇਆ ਇੱਕ ਗੰਭੀਰ ਅਦਾਕਾਰ। ਇਸ ਕਿਰਦਾਰ ਲਈ ਉਸ ਨੂੰ ਬੈੱਸਟ ਐਕਟਰ ਦਾ ਐਵਾਰਡ ਵੀ ਮਿਲਿਆ। ਇਸੇ ਤਰ੍ਹਾਂ ਇਸ ਫ਼ਿਲਮ ਦੇ ਸੀਕੁਅਲ ਅਰਦਾਸ ਕਰਾਂ ‘ਚ ਗੁਰਪ੍ਰੀਤ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਇੱਕ ਜ਼ਿੰਦਾਂ-ਦਿਲ ਇਨਸਾਨ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ ‘ਤੇ ਪੇਸ਼ ਕੀਤਾ। ਇਸ ਕਰ ਕੇ ਗੁਰਪ੍ਰੀਤ ਘੁੱਗੀ ਨੂੰ ਕੌਮੇਡੀ ਦੇ ਨਾਲ-ਨਾਲ ਬਹੁ-ਪਾਤਰੀ ਕਿਰਦਾਰਾਂ ਦਾ ਕਲਾਕਾਰ ਵੀ ਕਿਹਾ ਜਾ ਸਕਦਾ ਹੈ।
ਸਮਾਜਕ ਸਿਨੇਮਾ ਦਾ ਹਵਾਲਾ ਦਿੰਦੀ ਫ਼ਿਲਮ ਸੰਨ ਔਫ਼ ਮਨਜੀਤ ਸਿੰਘ ਵੀ ਗੁਰਪ੍ਰੀਤ ਦੀ ਇੱਕ ਬਿਹਤਰੀਨ ਫ਼ਿਲਮ ਰਹੀ। ਗੁਰਪ੍ਰੀਤ ਦੀ ਕੌਮੇਡੀ ਅਦਾਕਾਰੀ ਦੀ ਗੱਲ ਕਰੀਏ ਤਾਂ ਫ਼ਿਲਮ ਚੱਕ ਦੇ ਫ਼ੱਟੇ ਵਿੱਚ ਰਤਨ ਸਿੰਘ ਟਾਟਾ ਦੇ ਕਿਰਦਾਰ ਨੇ ਜੋ ਛਾਪ ਛੱਡੀ ਉਸ ਨੂੰ ਕੌਮੇਡੀ ਦਾ ਸਿਖਰ ਹੀ ਆਖਿਆ ਜਾ ਸਕਦੈ। ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਇੱਕ ਮੱਧਵਰਗੀ ਮਿਹਨਤੀ ਪਰਿਵਾਰ ‘ਚ ਜਨਮੇ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣਾ ਬਚਪਨ ਤੰਗੀਆਂ ਤਰੁਸ਼ੀਆ ਭਰੇ ਮਾਹੌਲ ਵਿੱਚ ਗੁਜ਼ਾਰਿਆ। ਘਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਉਸ ਨੂੰ 10ਵੀਂ ਦੀ ਪੜ੍ਹਾਈ ਕਰਨ ਮਗਰੋਂ ਕਚਹਿਰੀਆਂ ਵਿੱਚ ਇੱਕ ਅਰਜ਼ੀ ਨਵੀਸ ਕੋਲ ਇੱਕ ਟਾਈਪਿਸਟ ਦੀ ਨੌਕਰੀ ਵੀ ਕਰਨੀ ਪਈ। ਆਪਣੇ ਸੁਫ਼ਨਿਆਂ ਨੂੰ ਰੁਲਦਾ ਦੇਖ ਕੇ ਉਹ ਜ਼ਿਆਦਾ ਦੇਰ ਉਸ ਨੌਕਰੀ ‘ਤੇ ਟਿਕ ਨਾ ਸਕਿਆ ਅਤੇ ਉਸ ਨੇ ਦੁਆਬਾ ਕਾਲਜ ਜਲੰਧਰ ‘ਚ ਦਾਖ਼ਲਾ ਲੈ ਲਿਆ ਜਿੱਥੇ ਉਸ ਨੇ ਪੜਾਈ ਦੇ ਨਾਲ ਨਾਲ ਥੀਏਟਰ ‘ਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਇਸ ਤਰ੍ਹਾਂ ਉਸ ਦੀ ਕਲਾ ਦਾ ਸਫ਼ਰ ਸ਼ੁਰੂ ਹੋ ਗਿਆ। ਘੁੱਗੀ ਹੁਣ ਤਕ 60 ਦੇ ਕਰੀਬ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਸਮੇਤ ਅਨੇਕਾਂ ਟੈਲੀਫ਼ਿਲਮਾਂ ਵੀ ਕਰ ਚੁੱਕਾ ਹੈ। ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਗੁਰਪ੍ਰੀਤ ਦੀਆਂ ਕਈ ਕੌਮੇਡੀ ਕਸੈੱਟਸ ਵੀ ਆਈਆਂ ਜਿਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਨ੍ਹਾਂ ਕਸੈੱਟਾਂ ਨੇ ਹੀ ਉਸ ਨੂੰ ਇੱਕ ਕੌਮੇਡੀ ਕਲਾਕਾਰ ਵਜੋਂ ਪਛਾਣ ਦਿੱਤੀ। ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਇਸ ਸਮੇਂ ਨੌਰਥ ਜ਼ੋਨ ਫ਼ਿਲਮ ਅਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ।
ਬੀ. ਐੱਨ. ਸ਼ਰਮਾ
ਕੋਈ ਨਹੀਂ ਸੀ ਚਾਹੁੰਦਾ ਕਿ ਹਿੰਦੂ ਪਰਿਵਾਰ ‘ਚ ਜੰਮਿਆ ਮੁੰਡਾ ਭੋਲੇ ਨਾਥ ਸ਼ਰਮਾ (ਬੀ. ਐੱਨ ਸ਼ਰਮਾ) ਕਲਾਕਾਰੀ ਖੇਤਰ ਵਿੱਚ ਜਾਵੇ। ਉਸ ਦੇ ਪੂਰੇ ਪਰਿਵਾਰ ਸਮੇਤ ਰਿਸ਼ਤੇਦਾਰ ਵੀ ਇਸ ਦੇ ਸਖ਼ਤ ਖ਼ਿਲਾਫ਼ ਸਨ। ਆਪਣੇ ਇਸ ਸ਼ੌਕ ਨੂੰ ਪੂਰਾ ਕਰਦਿਆਂ ਬਚਪਨ ‘ਚ ਕਈ ਵਾਰ ਘਰਦਿਆਂ ਤੋਂ ਝਿੜਕਾਂ ਵੀ ਖਾਣੀਆਂ ਪਈਆਂ, ਪਰ ਬੀ. ਐੱਨ. ਸ਼ਰਮਾ ‘ਤੇ ਅਦਾਕਾਰੀ ਦਾ ਭੂਤ ਸਵਾਰ ਸੀ ਜਿਸ ਕਰ ਕੇ ਉਹ ਘਰਦਿਆਂ ਤੋਂ ਬਾਗ਼ੀ ਹੋ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਗਿਆ। ਫ਼ਿਰ ਚੰਡੀਗੜ੍ਹ ਰਹਿੰਦੇ ਸ਼ਰਮਾ ਦੇ ਮਾਮੇ ਨੇ ਉਸ ਨੂੰ ਪੰਜਾਬ ਪੁਲੀਸ ‘ਚ ਭਰਤੀ ਕਰਵਾ ਦਿੱਤਾ। ਨੌਕਰੀ ਕਰਦਿਆਂ ਵੀ ਉਹ ਰੰਗਮੰਚ ਨਾਲ ਜੁੜਿਆ ਰਿਹਾ।
ਜ਼ਿਕਰਯੋਗ ਹੈ ਕਿ ਦਿੱਲੀ ਰਹਿੰਦਿਆਂ ਵੀ ਉਸ ਨੇ ਰੰਗਮੰਚ ਨਾਲ ਜੁੜੇ ਹੋਣ ਕਾਰਨ ਕਈ ਨਾਟਕਾਂ ‘ਚ ਕੰਮੀ ਕੀਤਾ। ਸ਼ੁਰੂਆਤੀ ਦੌਰ ‘ਚ ਬੀ. ਐੱਨ. ਸ਼ਰਮ ਨੇ ਕੁਝ ਟੀਵੀ ਸੀਰੀਅਲਜ਼ ਵੀ ਕੀਤੇ। ਉਸ ਨੇ ਪਹਿਲੀ ਵਾਰ ਦੂਰਦਰਸ਼ਨ ਦੇ ਪੰਜਾਬੀ ਨਾਟਕ ਜੇਬ੍ਹ ਕਤਰੇ ਵਿੱਚ ਇੱਕ ਨੈਗੇਟਿਵ ਕਿਰਦਾਰ ਨਿਭਾਇਆ। 1987 ‘ਚ ਆਈ ਪੰਜਾਬੀ ਫ਼ਿਲਮ ਵਿਸਾਖੀ ਵਿੱਚ ਉਸ ਨੇ ਪਹਿਲੀ ਵਾਰ ਵੱਡੇ ਪਰਦੇ ਲਈ ਕੰਮ ਕੀਤਾ। ਇਸੇ ਦੌਰਾਨ ਜਸਪਾਲ ਭੱਟੀ ਦੇ ਚਰਚਿਤ ਕੌਮੇਡੀ ਸ਼ੋਅ ਫ਼ਲੌਪ ਸ਼ੋਅ, ਉਲਟਾ ਪੁਲਟਾ, ਪ੍ਰੋਫ਼ੈਸਰ ਮਨੀ ਪਲਾਂਟ, ਆਦਿ ਨੇ ਬੀ. ਐੱਨ. ਸ਼ਰਮਾ ਨੂੰ ਇੱਕ ਨਵੀਂ ਪਛਾਣ ਦਿੱਤੀ। ਪੰਜਾਬ ਦੇ ਰੋਪੜ ਸ਼ਹਿਰ ਨੇੜਲੇ ਆਪਣੇ ਨਾਨਕੇ ਪਿੰਡ ਭਰਤਗੜ੍ਹ ਵਿੱਚ ਜਨਮੇ ਬੀ. ਐੱਨ. ਸ਼ਰਮਾ ਨੇ ਆਪਣੀ ਮਿਹਨਤ ਸਦਕਾ ਅੱਜ ਪੌਲੀਵੁਡ ‘ਚ ਆਪਣੀ ਇੱਕ ਵੱਖਰੀ ਪਛਾਣ ਕਾਇਮ ਕੀਤੀ ਹੈ।
ਪੰਜਾਬੀ ਫ਼ਿਲਮ ਮਾਹੌਲ ਠੀਕ ਹੈ ਵਿੱਚ ਉਸ ਨੇ ਬਿੱਲੂ ਬੱਕਰੇ ਦਾ ਜ਼ਬਰਦਸਤ ਕਿਰਦਾਰ ਨਿਭਾਇਆ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸ ਗਿਆ। ਉਸ ਤੋਂ ਬਾਅਦ ਉਸ ਲਈ ਪੰਜਾਬੀ ਸਿਨੇਮਾ ਦੇ ਸਾਰੇ ਬੰਦ ਦਰਵਾਜ਼ੇ ਖੁੱਲ੍ਹ ਗਏ। ਚੰਡੀਗੜ੍ਹ ਰਹਿੰਦਿਆਂ ਸ਼ਰਮਾ ਨੇ 20 ਦੇ ਕਰੀਬ ਨਾਟਕਾਂ ਵਿੱਚ ਵੀ ਯਾਦਗਰੀ ਕਿਰਦਾਰ ਨਿਭਾਉਂਦਿਆਂ ਕਈ ਇਨਾਮ ਜਿੱਤੇ। ਉਹ ਹੁਣ ਤਕ 100 ਤੋਂ ਵੱਧ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਦਮਦਾਰ ਕਿਰਦਾਰ ਨਿਭਾ ਚੁੱਕਾ ਹੈ। ਉਹ ਇੱਕ ਕੌਮੇਡੀਅਨ ਵੀ ਹੈ ਅਤੇ ਨੈਗੇਟਿਵ ਕਿਰਦਾਰਾਂ ਨੂੰ ਨਿਭਾਉਣ ਵਾਲਾ ਦਮਦਾਰ ਖਲਨਾਇਕ ਵੀ। ਉਹ ਆਪਣੇ ਨਿਭਾਏ ਹਰ ਕਿਰਦਾਰ ਨਾਲ ਧੁਰ ਅੰਦਰ ਤੀਕ ਜੁੜਿਆ ਪ੍ਰਤੀਤ ਹੁੰਦਾ ਹੈ। ਮੌਜੂਦਾ ਦੌਰ ਦੇ ਪੰਜਾਬੀ ਸਿਨੇਮਾ ਵਿੱਚ ਬੀ. ਐੱਨ. ਸ਼ਰਮਾ ਇੱਕ ਕੌਮੇਡੀਅਨ ਦੇ ਰੂਪ ‘ਚ ਜ਼ਿਆਦਾ ਜਾਣਿਆ ਜਾਣ ਲੱਗਾ ਹੈ।
ਜਸਵਿੰਦਰ ਭੱਲਾ
ਕਿਸੇ ਵੇਲੇ ਛਣਕਾਟੇ ਵਾਲੇ ਭੱਲਾ ਵਜੋਂ ਮਸ਼ਹੂਰ ਹੋਇਆ ਪ੍ਰੋ. ਜਸਵਿੰਦਰ ਸਿੰਘ ਭੱਲਾ ਅੱਜ ਪੰਜਾਬੀ ਫ਼ਿਲਮਾਂ ਦਾ ਇੱਕ ਸਫ਼ਲ ਕੌਮੇਡੀਅਨ ਹੈ। ਜਸਪਾਲ ਭੱਟੀ ਦੀ ਫ਼ਿਲਮ ਮਾਹੌਲ ਠੀਕ ਹੈ ਨਾਲ ਪੰਜਾਬੀ ਪਰਦੇ ਵੱਲ ਵਧਿਆ ਭੱਲਾ ਕਦਮ-ਦਰ-ਕਦਮ ਫ਼ਿਲਮੀ ਮਾਰਗ ‘ਤੇ ਪੈੜਾਂ ਪਾਉਂਦਾ ਸ਼ੁਹਰਤ ਦੀਆਂ ਮੰਜ਼ਲਾਂ ਵੱਲ ਵਧਦਾ ਗਿਆ। ਸਵਰਗੀ ਪੰਜਾਬੀ ਹੀਰੋ ਵਰਿੰਦਰ ਦੇ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿੱਚ ਕੌਮੇਡੀਅਨ ਮੇਹਰ ਮਿੱਤਲ ਦੀ ਬੇਹੱਦ ਅਹਿਮੀਅਤ ਹੁੰਦੀ ਸੀ। ਮੇਹਰ ਮਿੱਤਲ ਇੱਕ ਅਜਿਹਾ ਕਲਾਕਾਰ ਸੀ ਜਿਸ ਬਿਨਾਂ ਬਣੀ ਫ਼ਿਲਮ ਨੂੰ ਕਈ ਵਾਰ ਫ਼ਿਲਮ ਡਿਸਟਰੀਬਿਊਟਰ ਵੀ ਹੱਥ ਨਹੀਂ ਸੀ ਪਾਉਂਦੇ। ਹਰੇਕ ਪੰਜਾਬੀ ਫ਼ਿਲਮ ‘ਚ ਉਸ ਦੀ ਹਾਜ਼ਰੀ ਅਹਿਮ ਹੁੰਦੀ ਸੀ। ਠੀਕ ਉਸੇ ਤਰ੍ਹਾਂ ਮੌਜੂਦਾ ਪੰਜਾਬੀ ਸਿਨੇਮਾ ਵਿੱਚ ਜਸਵਿੰਦਰ ਭੱਲਾ ਦੀ ਹਾਜ਼ਰੀ ਲਾਜ਼ਮੀ ਹੁੰਦੀ ਜਾ ਰਹੀ ਹੈ। ਭੱਲਾ ਦੀ ਗੱਲ ਕਹਿਣ ਦਾ ਅੰਦਾਜ਼ ਅਤੇ ਦਿੱਖ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਉਸ ਨੇ ਸਮਾਜ ਨਾਲ ਜੁੜੇ ਲੁਕੇ ਹੋਏ ਸੱਚ ਨੂੰ ਵਿਅੰਗਮਈ ਤਰੀਕੇ ਨਾਲ ਬਹੁਤ ਖ਼ੂਬਸੂਰਤੀ ਨਾਲ ਪਰਦੇ ‘ਤੇ ਲਿਆਂਦਾ ਹੈ।
ਸਾਡੇ ਸਮਾਜ ਵਿੱਚ ਅਜਿਹੇ ਪਾਤਰ ਅੱਜ ਵੀ ਜਿਊਂਦੇ ਹਨ ਜਿਨ੍ਹਾਂ ਨੂੰ ਜਸਵਿੰਦਰ ਭੱਲਾ ਨੇ ਆਪਣੇ ਕਿਰਦਾਰਾਂ ਰਾਹੀਂ ਪਰਦੇ ‘ਤੇ ਉਤਾਰਣ ਦਾ ਜੇਰਾ ਕੀਤਾ ਹੈ। ਉਸ ਦੀ ਅਦਾਕਾਰੀ ਵਿੱਚ ਇੱਕ ਖ਼ਾਸ ਖਿੱਚ ਹੁੰਦੀ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ। ਵੱਡੀ ਗੱਲ ਕਿ ਫ਼ਿਲਮ ਦੀ ਸਕ੍ਰਿਪਟ ਲਿਖਣ ਵੇਲੇ ਪੰਜਾਬੀ ਫ਼ਿਲਮੀ ਲੇਖਕ ਜਸਵਿੰਦਰ ਭੱਲਾ ਦੇ ਕਿਰਦਾਰ ਦੀ ਚੋਣ ਦਾ ਖ਼ਾਸ ਧਿਆਨ ਰੱਖਦੇ ਹਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਦੇ ਜੰਮਪਲ ਪ੍ਰੋ. ਜਸਵਿੰਦਰ ਭੱਲਾ ਲੰਬਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਅਧਿਆਪਕੀ ਉਪਰੰਤ ਕੁਝ ਦਿਨ ਪਹਿਲਾਂ ਹੀ ਖੇਤੀਬਾੜੀ ਪ੍ਰਸਾਰ ਵਿਭਾਗ ਤੋਂ ਹੈੱਡ ਔਫ਼ ਦਾ ਡਿਪਾਰਟਮੈਂਟ ਸੇਵਾਮੁਕਤ ਹੋਏ ਹਨ।
ਦੱਸਣਯੋਗ ਹੈ ਕਿ ਜਸਵਿੰਦਰ ਭਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਂ ਗਾਇਕੀ ਤੋਂ ਕੀਤੀ ਸੀ, ਪਰ ਉਸ ਨੂੰ ਸਫ਼ਲਤਾ ਇੱਕ ਕੌਮੇਡੀ ਕਲਾਕਾਰ ਵਜੋਂ ਜ਼ਿਆਦਾ ਮਿਲੀ। ਕਸੈੱਟ ਕਲਚਰ ਦੌਰਾਨ ਭੱਲਾ ਨੇ 1988 ਤੋਂ ਸ਼ੁਰੂ ਹੋ ਕੇ ਛਣਕਾਟਾ ਲੜੀ ਤਹਿਤ 27 ਕੌਮੇਡੀ ਭਰਪੂਰ ਕਸੈੱਟਸ ਸਰੋਤਿਆਂ ਦੀ ਝੋਲੀ ਪਾਈਆਂ। ਛਣਕਾਟਾ ਐਲਬਮਜ਼ ਵਾਂਗ ਹੀ ਉਸ ਦੇ ਤਕੀਆ ਕਲਾਮ ਪੰਜਾਬੀ ਫ਼ਿਲਮਾਂ ਵਿੱਚ ਵੀ ਬੇਹੱਦ ਮਕਬੂਲ ਹੋਏ। ਕੈਰੀ ਔਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ, ਲੱਕੀ ਦੀ ਅਣਲੱਕੀ ਸਟੋਰੀ, ਮਿਸਟਰ ਐਂਡ ਮਿਸਜ਼ 420, ਵੇਖ ਬਰਾਤਾਂ ਚੱਲੀਆਂ ਵਰਗੀਆਂ ਫ਼ਿਲਮਾਂ ਵਿਚਲੇ ਕਿਰਦਾਰਾਂ ਨੇ ਜਸਵਿੰਦਰ ਭੱਲਾ ਦੀ ਫ਼ਿਲਮੀ ਪਰਦੇ ‘ਤੇ ਬੱਲੇ-ਬੱਲੇ ਕਰਵਾ ਦਿੱਤੀ। ਜਸਵਿੰਦਰ ਭੱਲਾ ਦੀ ਅਦਾਕਾਰੀ ਦਾ ਸਫ਼ਰ ਹਾਲੇ ਜਾਰੀ ਹੈ।
ਹਰਬੀ ਸੰਘਾ
ਹਰਬੀ ਸੰਘਾ ਪੰਜਾਬੀ ਫ਼ਿਲਮਾਂ ਦਾ ਇੱਕ ਅਜਿਹਾ ਸਰਗਰਮ ਕੌਮੇਡੀ ਕਲਾਕਾਰ ਹੈ ਜਿਸ ਨੇ ਲੰਬਾ ਸੰਘਰਸ਼ ਕਰਨ ਮਗਰੋਂ ਸ਼ੌਹਰਤ ਦੀਆਂ ਸਿਖ਼ਰਾਂ ਨੂੰ ਹਾਸਿਲ ਕੀਤਾ ਹੈ। ਉਸ ਨੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸੌ-ਸੌ ਪਾਪੜ ਵੇਲੇ ਪਰ ਕਦੇ ਹਾਰ ਨਹੀਂ ਮੰਨੀ। ਅੱਜ ਹਰਬੀ ਸੰਘਾ ਪੰਜਾਬੀ ਫ਼ਿਲਮਾਂ ਦਾ ਇੱਕ ਸਿਰਕੱਢ ਕੌਮੇਡੀਅਨ ਹੈ। ਵੱਡੀ ਗੱਲ ਇਹ ਹੈ ਕਿ ਉਹ ਹਰ ਤਰ੍ਹਾਂ ਦੇ ਕਿਰਦਾਰਾਂ ਵਿੱਚ ਫ਼ਿੱਟ ਰਹਿਣ ਵਾਲਾ ਕਲਾਕਾਰ ਹੈ। ਇਹੋ ਕਾਰਨ ਹੈ ਕਿ ਉਹ ਹਰ ਦੂਜੀ ਪੰਜਾਬੀ ਫ਼ਿਲਮ ‘ਚ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੁੰਦਾ ਹੈ। ਬਹੁਤੇ ਕਿਰਦਾਰਾਂ ਵਿੱਚ ਉਸ ਦੇ ਸੰਵਾਦਾਂ ਨਾਲੋਂ ਵੱਧ ਉਸ ਦੀ ਸ਼ਰੀਰਕ ਬਣਤਰ ਅਤੇ ਉਸ ਦੇ ਹਾਵ-ਭਾਵ ਹੀ ਅਦਾਕਾਰੀ ਦਾ ਹਿੱਸਾ ਹੁੰਦੇ ਹਨ।
ਨਕੋਦਰ ਨੇੜਲੇ ਪਿੰਡ ਸੰਘਾ ਜਗੀਰੇ ਦਾ ਜੰਮਪਲ ਹਰਬਿਲਾਸ ਸੰਘਾ ਨੂੰ ਕਲਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ ਸਮੇਂ ਉਹ ਇੱਕ ਵਧੀਆ ਅਦਾਕਾਰ ਅਤੇ ਗਾਇਕ ਵਜੋਂ ਉੱਭਰ ਕੇ ਸਾਹਮਣੇ ਆਇਆ, ਪਰ ਘਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਾ ਹੋਣ ਕਰ ਕੇ ਉਸ ਨੂੰ ਜ਼ਿੰਦਗੀ ਨਾਲ ਕਈ ਵੱਡੇ ਸਮਝੋਤੇ ਕਰਨੇ ਪਏ। ਸ਼ੁਰੂਆਤੀ ਦੌਰ ‘ਚ ਉਹ ਔਰਕੈਸਟਰਾਂ ਦੇ ਗਰੁੱਪਾਂ ਨਾਲ ਵੀ ਇੱਕ ਕੌਮੇਡੀਅਨ ਦੇ ਤੌਰ ‘ਤੇ ਜਾਂਦਾ ਰਿਹਾ। ਹਰਬੀ ਆਪਣੇ ਔਖੇ ਦਿਨਾਂ ਦੀ ਕਹਾਣੀ ਨੂੰ ਕਦੇ ਨਹੀਂ ਭੁੱਲਦਾ ਜਿਸ ਨੇ ਉਸ ਨੂੰ ਮਿਹਨਤ ਦਾ ਪੱਲਾ ਫ਼ੜਾ ਕੇ ਸਫ਼ਲਤਾ ਦੇ ਰਾਹ ਤੋਰਿਆ। ਲੰਬੇ ਸੰਘਰਸ਼ ਤੋਂ ਬਾਅਦ ਜਦ ਉਸ ਦਾ ਮੇਲ ਗੁਰਪ੍ਰੀਤ ਘੁੱਗੀ ਨਾਲ ਹੋਇਆ ਤਾਂ ਉਸ ਦੀ ਕਲਾ ਜ਼ਿੰਦਗੀ ‘ਚ ਇੱਕ ਨਵਾਂ ਮੋੜ ਆਇਆ, ਅਤੇ ਉਸ ਦੇ ਦਿਨ ਬਦਲਣ ਲੱਗੇ।
ਘੁੱਗੀ ਨਾਲ ਉਸ ਨੇ ਦੂਰਦਰਸ਼ਨ ਦੇ ਕਈ ਲੜੀਵਾਰਾਂ ਵਿੱਚ ਕੰਮ ਕੀਤਾ। ਗੁਰਪ੍ਰੀਤ ਘੁੱਗੀ ਦੀ ਹੱਲਾਸ਼ੇਰੀ ਸਦਕਾ ਹੀ ਹੀ ਉਹ ਫ਼ਿਲਮਾਂ ਵਾਲੇ ਪਾਸੇ ਆਇਆ। ਸੰਘਰਸ਼ ਦੇ ਪੈਂਡੇ ਤੈਅ ਕਰਦਿਆਂ ਸਹਿਜੇ-ਸਹਿਜੇ ਉਸ ਦੀ ਕਾਬਲੀਅਤ ਨੂੰ ਬੂਰ ਪੈਣ ਲੱਗਾ ਅਤੇ ਉਸ ਨੂੰ ਦਿਲਦਾਰੀਆਂ, ਛੇਵਾਂ ਦਰਿਆ, ਪ੍ਰੌਪਰ ਪਟੋਲਾ, ਨੌਟੀ ਜੱਟਸ, ਕੈਰੀ ਔਨ ਜੱਟਾ, ਬੰਬੂਕਾਟ, ਲਵ ਪੰਜਾਬ, ਅਰਦਾਸ, ਨਿੱਕਾ ਜ਼ੈਲਦਾਰ, ਕਿਸਮਤ, ਪਰਾਹੁਣਾ, ਕੁੜਮਾਈਆ, ਲਾਵਾਂ-ਫ਼ੇਰੇ ਸਮੇਤ ਅਣਗਿਣਤ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਉਣ ਲਈ ਮਿਲੇ। ਫ਼ਿਲਮਾਂ ‘ਚ ਹਰਬੀ ਸੰਘਾ ਨੇ ਲੰਬਾਈ ਪੱਖੋ ਛੋਟੇ ਕਿਰਦਾਰ ਵੀ ਇੰਨੀ ਰੀਝ ਅਤੇ ਲਗਨ ਨਾਲ ਨਿਭਾਏ ਕਿ ਦਰਸ਼ਕ ਉਸ ਦੇ ਅੰਦਰ ਬੈਠੇ ਵੱਡੇ ਕਲਾਕਾਰ ਤੋਂ ਜਾਣੂ ਹੋ ਗਏ।
ਫ਼ਿਲਮ ਨਿੱਕਾ ਜ਼ੈਲਦਾਰ 2, ਰੱਬ ਦਾ ਰੇਡਿਓ, ਮੰਜੇ ਬਿਸਤਰੇ ਵਿੱਚ ਉਸ ਵਲੋਂ ਪੇਸ਼ ਵਿਅੰਗਮਈ ਕਿਰਦਾਰਾਂ ਨੇ ਉਸ ਦੀ ਫ਼ਿਲਮੀ ਜੜ੍ਹ ਹੋਰ ਡੂੰਘੀ ਕਰ ਦਿੱਤੀ। ਫ਼ਿਲਮ ਲਾਂਵਾਂ ਫ਼ੇਰੇ ਵਿੱਚ ਲੀਡਰ ਜੀਜੇ ਦਾ ਰੋਲ ਉਸ ਦੀ ਅਦਾਕਾਰੀ ਉੱਪਰ ਸਫ਼ਲਤਾ ਦੀ ਵੱਡੀ ਮੋਹਰ ਲਾ ਗਿਆ। ਕੁਝ ਸਮਾਂ ਪਹਿਲਾਂ ਆਈਆਂ ਫ਼ਿਲਮਾਂ ਮੰਜੇ ਬਿਸਤਰੇ 2 ਅਤੇ ਵਧਾਈਆਂ ਜੀ ਵਧਾਈਆਂ ‘ਚ ਵੀ ਉਸ ਨੇ ਹਾਸਿਆਂ ਦੇ ਵਧੀਆ ਰੰਗ ਬਿਖੇਰੇ। ਕੌਮੇਡੀਅਨ ਦੇ ਨਾਲ ਨਾਲ ਹਰਬੀ ਸੰਘਾ ਸਮਾਜ ਨਾਲ ਜੁੜਿਆ ਹੋਇਆ ਇੱਕ ਵਧੀਆ ਗਾਇਕ ਵੀ ਹੈ। ਉਸ ਦੇ ਗਾਏ ਗੀਤ ਅਕਸਰ ਹੀ ਚਰਚਾ ਵਿੱਚ ਰਹੇ ਹਨ।