Image Courtesy :jagbani(punjabkesar)

ਪਠਾਨਕੋਟ : ਕੋਰੋਨਾ ਆਫ਼ਤ ਦਰਮਿਆਨ ਪੰਜਾਬ ਸਰਕਾਰ ਵਲੋਂ ਨਵੀਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਹੁਣ ਜੇਕਰ ਕੋਈ ਬਾਹਰੀ ਸੂਬੇ ਤੋਂ ਪੰਜਾਬ ਵਿਚ ਐਂਟਰੀ ਕਰਦਾ ਹੈ ਤਾਂ ਉਸ ਲਈ ਕੋਵਾ ਐਪ ‘ਤੇ ਈ-ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਈ-ਰਜਿਸਟਰੇਸ਼ਨ ਕਰਵਾਉਣ ਵਾਲੇ ਕੋਲ ਬਕਾਇਦਾ ਇਸ ਦਾ ਪ੍ਰਿੰਟਆਊਟ ਹੋਣਾ ਚਾਹੀਦਾ ਹੈ। ਇਸ ਦੇ ਮੱਦੇਨਜ਼ਰ ਪਠਾਨਕੋਟ ‘ਚ ਪੰਜਾਬ-ਹਿਮਾਚਲ ਸਰਹੱਦ ‘ਤੇ ਪੁਲਸ ਵਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਐੱਸ.ਪੀ. ਓਪਰੇਸ਼ਨ ਹੇਮ ਪੁਸ਼ਪ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਦਾਖਲ ਹੋਣ ਵਾਲੇ ਸਾਰੇ ਰਾਸਤੇ ਬੰਦ ਕਰ ਦਿੱਤੇ ਗਏ ਸਿਰਫ਼ ਦੋ ਜਾਂ ਤਿੰਨ ਹੀ ਐਂਟਰੀ ਪੁਆਇੰਟ ਬਣਾਏ ਗਏ ਹਨ।
ਇਥੇ ਦੱਸ ਦੇਈਏ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਨਵੀਂ ਹਿਦਾਇਤਾਂ ‘ਚ ਪੰਜਾਬ ਵਿਚ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ 14 ਦਿਨਾਂ ਲਈ ਹੋਮ-ਕੁਆਰੰਟਾਈਨ ਕੀਤਾ ਜਾਵੇਗਾ। ਜਾਰੀ ਹੁਕਮਾਂ ਵਿਚ ਸਾਫ ਤੌਰ ‘ਤੇ ਕਿਹਾ ਗਿਆ ਹੈ ਕਿ ਈ-ਰਜਿਸਟਰੇਸ਼ਨ ਤੋਂ ਬਿਨਾਂ ਪੰਜਾਬ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਾਤਰੀ ਆਪਣੇ ਘਰ ‘ਚ ਬੈਠਾ ਹੀ ਆਰਾਮ ਨਾਲ ਰਜਿਸਟਰੇਸ਼ਨ ਕਰਵਾ ਸਕਦਾ ਹੈ। ਇਹ ਰਜਿਸਟਰੇਸ਼ਨ ਕੋਵਾ ਐਪ ਰਾਹੀਂ ਜਾਂ ਸਰਕਾਰ ਦੀ ਸਾਈਟ https://cova.punjab.gov.in/registration ‘ਤੇ ਕਰਵਾਈ ਜਾ ਸਕਦੀ ਹੈ। ਦਰਅਸਲ ਪੰਜਾਬ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਮਹਿਕਮੇ ਦੀ ਟੀਮ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਬਾਹਰੀਂ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਉਦੋਂ ਹੀ ਸੂਬੇ ‘ਚ ਐਂਟਰੀ ਦਿੱਤੀ ਜਾਵੇ ਜਦੋਂ ਉਹ ਈ-ਰਜਿਸਟਰੇਸ਼ਨ ਕਰਵਾਉਣ, ਜਿਸ ਤੋਂ ਸਰਕਾਰ ਵਲੋਂ ਫੌਰੀ ਤੌਰ ‘ਤੇ ਇਹ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

News Credit :jagbani(punjabkesar)