Image Courtesy :jagbani(punjabkesar)

ਵਾਸ਼ਿੰਗਟਨ– ਭਾਰਤ ਦੇ ਨਾਲ ਵਿਵਾਦ ਤੋਂ ਬਾਅਦ ਚੀਨ ਚਾਰੇ ਪਾਸੋਂ ਘਿਰਦਾ ਜਾ ਰਿਹਾ ਹੈ। ਇਸ ਮਾਮਲੇ ’ਚ ਅਮਰੀਕਾ ਖੁੱਲ੍ਹੇਆਮ ਭਾਰਤ ਦਾ ਸਾਥ ਦੇ ਰਿਹਾ ਹੈ। ਭਾਰਤ ਵਲੋਂ ਚੀਨ ਦੇ 59 ਐਪ ਬੈਨ ਕਰਨ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਡ੍ਰੈਗਨ ਨੂੰ ਜ਼ਬਰਦਸਤ ਝਟਕਾ ਦੇਣ ਜਾ ਰਹੇ ਹਨ। ਭਾਰਤ ਦੀ ਰਾਹ ’ਤੇ ਹੀ ਚਲਦੇ ਹੋਏ ਅਮਰੀਕਾ ਵੀ ਟਿਕਟਾਕ ਸਮੇਤ ਚੀਨੀ ਮੋਬਾਇਲ ਐਪਸ ’ਤੇ ਪਾਬੰਦੀ ਲਗਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਸੋਮਵਾਰ ਦੇਰ ਰਾਤ ਨੂੰ ਇਸ ਸਬੰਧ ’ਚ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਯਕੀਨੀ ਰੂਪ ਨਾਲ ਚੀਨੀ ਐਪ ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਹੇ ਹਾਂ। ਉਧਰ, ਆਸਟ੍ਰੇਲੀਆ ’ਚ ਵੀ ਚੀਨੀ ਐਪਸ ’ਤੇ ਪਾਬੰਦੀ ਲਗਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ।
ਭਾਰਤ ’ਚ ਟਿਕਟਾਕ ਬੈਨ ਹੋਣ ਨਾਲ ਚੀਨੀ ਕੰਪਨੀ ਨੂੰ ਕਰੀਬ 6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਭਾਰਤ ਸਰਕਾਰ ਨੇ ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਚੀਨੀ ਕੰਪਨੀਆਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਭਾਰਤੀ ਯੂਜ਼ਰਸ ਦਾ ਡਾਟਾ ਚੀਨੀ ਸਰਕਾਰ ਨਾਲ ਸਾਂਝਾ ਨਹੀਂ ਕਰ ਰਹੀਆਂ ਸਨ। ਟਿਕਟਾਕ ਦੇ ਸੀ.ਈ.ਓ. ਕੇਵਿਨ ਮੇਅਰ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਚੀਨੀ ਸਰਕਾਰ ਨੇ ਕਦੇ ਵੀ ਯੂਜ਼ਰਸ ਦੇ ਡਾਟਾ ਦੀ ਮੰਗ ਨਹੀਂ ਕੀਤੀ। ਹੈਰਾਨੀ ਦੀ ਗੱਲ ਹੈ ਕਿ ਟਿਕਟਾਕ ਨੂੰ ਭਲੇ ਹੀ ਭਾਰਤ ’ਚ ਹਾਲ ਫਿਲਹਾਲ ’ਚ ਬੈਨ ਕੀਤਾ ਗਿਆ ਹੈ ਪਰ ਚੀਨ ’ਚ ਇਹ ਬਹੁਤ ਪਹਿਲਾਂ ਤੋਂ ਬੈਨ ਹੈ। ਹਾਲਾਂਕਿ, ਇਹ ਐਪ ਜਿਸ ਕੰਪਨੀ (ਬਾਈਟਡਾਂਸ) ਦੀ ਹੈ, ਉਹ ਚੀਨੀ ਹੈ। ਭਾਰਤ ਸਰਕਾਰ ਵਲੋਂ ਬੈਨ ਲਗਾਏ ਜਾਣ ਤੋਂ ਬਾਅਦ ਉਸ ਨੇ ਬੀਜਿੰਗ ਤੋਂ ਦੂਰੀ ਬਣਾ ਲਈ ਹੈ।
ਕੰਪਨੀ ਲਗਾਤਾਰ ਸਫ਼ਾਈ ਦੇ ਰਹੀ ਹੈ ਕਿ ਭਾਰਤੀ ਯੂਜ਼ਰਸ ਦਾ ਡਾਟਾ ਸਿੰਗਾਪੁਰ ਦੇ ਸਰਵਰ ’ਚ ਸੇਵ ਹੋ ਰਿਹਾ ਹੈ। ਚੀਨ ਦੀ ਸਰਕਾਰ ਨੇ ਨਾਂ ਤਾਂ ਕਦੇ ਡਾਟਾ ਦੀ ਮੰਗ ਕੀਤੀ ਹੈ ਅਤੇ ਨਾ ਹੀ ਕੰਪਨੀ ਇਸ ਮੰਗ ਨੂੰ ਕਦੇ ਪੂਰਾ ਕਰੇਗੀ। ਦੱਸ ਦੇਈਏ ਕਿ ਬਾਈਟਡਾਂਸ ਦੀ ਸਥਾਪਨਾ 2012 ’ਚ ਹੋਈ ਸੀ। ਕੰਪਨੀ ਨੇ 2016 ’ਚ ਚੀਨੀ ਬਾਜ਼ਾਰ ਲਈ Douyin ਐਪ ਨੂੰ ਲਾਂਚ ਕੀਤਾ ਸੀ। ਇਹ ਟਿਕਟਾਕ ਦੀ ਤਰ੍ਹਾਂ ਹੀ ਹੈ। ਹਾਲਾਂਕਿ, ਇਹ ਉਥੋਂ ਦੇ ਸਖ਼ਤ ਨਿਯਮਾਂ ਦੇ ਹਿਸਾਬ ਨਾਲ ਕੰਮ ਕਰਦਾ ਹੈ। ਸਾਲ 2017 ’ਚ ਬਾਈਟਡਾਂਸ ਨੇ ਟਿਕਟਾਕ ਨੂੰ ਦੁਨੀਆ ਦੇ ਬਾਜ਼ਾਰਾਂ ਲਾਂਚ ਕੀਤਾ। ਇਸ ਐਪ ’ਤੇ ਚੀਨ ’ਚ ਬੈਨ ਹੈ, ਜਾਂ ਇੰਝ ਕਹਿ ਲਓ ਕਿ ਇਸ ਨੂੰ ਚੀਨ ਦੇ ਬਾਜ਼ਾਰ ’ਚ ਲਾਂਚ ਨਹੀਂ ਕੀਤਾ ਗਿਆ ਕਿਉਂਕਿ ਉਥੇ ਬਹੁਤ ਜ਼ਿਆਦਾ ਚੀਜ਼ਾਂ ਨੂੰ ਲੈ ਕੇ ਪਾਬੰਦੀਆਂ ਹਨ। ਕੰਪਨੀ ਨੇ ਦੋਵਾਂ ਐਪਸ ਲਈ ਵੱਖ-ਵੱਖ ਸਰਵਰ ਦੀ ਵਰਤੋਂ ਕੀਤੀ ਹੈ।

News Credit :jagbani(punjabkesar)