Image Courtesy :jagbani(punjabkesar)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਵਾਲੇ ਲੋਕਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਉਣ ਲਈ ਦਿੱਲੀ ‘ਚ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਐਂਬੂਲੈਂਸ ਦਿੱਲੀ ਦੇ ਸਾਰੇ ਗੁਰਦੁਆਰਾ ਸਾਹਿਬ ‘ਚ ਖੜ੍ਹੀਆਂ ਰਹਿਣਗੀਆਂ। ਕੰਟਰੋਲ ਰੂਮ ਤੋਂ ਸੂਚਨਾ ਮਿਲਦੇ ਹੀ ਐਂਬੂਲੈਂਸ ਨੂੰ ਲੋੜਵੰਦਾਂ ਕੋਲ ਰਵਾਨਾ ਕੀਤਾ ਜਾਵੇਗਾ। ਇਹ ਐਂਬੂਲੈਂਸ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ 12 ਐਂਬੂਲੈਂਸਾਂ ਦੀ ਸਹੂਲਤ ਦੀ ਵਿਵਸਥਾ ਕੀਤੀ ਹੈ। ਜੋ ਕਿ ਵੱਖ-ਵੱਖ ਹਿੱਸਿਆਂ ਵਿਚ ਤਾਇਨਾਤ ਹੋਣਗੀਆਂ। ਇਹ ਐਂਬੂਲੈਂਸ ਸਾਰੀਆਂ ਸਹੂਲਤਾਂ ਨਾਲ ਲੈੱਸ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਸਹੂਲਤ ਦੀ ਜ਼ਰੂਰਤ ਹੈ, ਉਹ ਨੇੜਲੇ ਗਰੁਦਆਰਾ ਸਾਹਿਬ ਨਾਲ ਸੰਪਰਕ ਕਾਇਮ ਕਰ ਸਕਦੇ ਹਨ।
ਕਮੇਟੀ ਦੇ ਅਹੁਦਾ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਸੇਵਾ ਦਾ ਛੇਤੀ ਹੀ ਵਿਸਥਾਰ ਕੀਤਾ ਜਾਵੇਗਾ ਯਾਨੀ ਕਿ ਹੋਰ ਵਧ ਐਂਬੂਲੈਂਸ ਇਸ ਬੇੜੇ ਵਿਚ ਸ਼ਾਮਲ ਕਰਨ ਦੀ ਯੋਜਨਾ ਹੈ। ਕਮੇਟੀ ਸਥਾਨਕ ਹਸਪਤਾਲਾਂ ਵਿਚ ਸੰਪਰਕ ਕਰ ਰਹੀ ਹੈ ਤਾਂ ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ‘ਚ ਪਹੁੰਚਾਇਆ ਜਾ ਸਕੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਰਸਾ ਨੇ ਕਿਹਾ ਕਿ ਐਂਬੂਲੈਂਸ ਦੀ ਕਮੀ ਨਹੀਂ ਹੋਣ ਦੇਵਾਂਗੇ, ਤਾਂ ਕਿ ਮਰੀਜ਼ਾਂ ਨੂੰ ਘੰਟਿਆਂ ਬੱਧੀ ਆਪਣੇ ਹੀ ਘਰ ‘ਚ ਹਸਪਤਾਲ ਜਾਣ ਲਈ ਉਡੀਕ ਨਾ ਕਰਨੀ ਪਵੇ।
ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਹਰੀਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਿੱਲੀ ‘ਚ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ‘ਚ ਪਹੁੰਚਾਉਣ ਨੂੰ ਧਿਆਨ ‘ਚ ਰੱਖ ਕੇ 12 ਐਂਬੂਲੈਂਸ ਦਾ ਇਕ ਬੇੜਾ ਤਿਆਰ ਕੀਤਾ ਹੈ। ਐਂਬੂਲੈਂਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਹਰ ਤਰ੍ਹਾਂ ਦੀ ਜ਼ਰੂਰੀ ਮੈਡੀਕਲ ਸਹੂਲਤ ਨਾਲ ਲੈੱਸ ਕੀਤਾ ਗਿਆ ਹੈ। ਐਂਬੂਲੈਂਸ ਗੁਰਦੁਆਰਾ ਸਾਹਿਬਾਨ ‘ਚ ਖੜ੍ਹੀ ਰਹੇਗੀ। ਜ਼ਰੂਰਤ ਪੈਣ ‘ਤੇ ਤੁਰੰਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਏਗੀ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਕੇ ਵੀ ਇਸ ਸੇਵਾ ਨੂੰ ਪ੍ਰਾਪਤ ਕੀਤਾ ਜਾ ਸਕੇਗਾ।
News Credit :jagbani(punjabkesar)