Image Courtesy :punjabi.truescoopnews

ਅਸੀਂ ਘਰ ‘ਚ ਗਾਜਰਾਂ ਦਾ ਹਲਵਾ ਜਾਂ ਗਾਜਰ ਦੇ ਪਰੌਂਠੇ ਬਹੁਤ ਹੀ ਸਵਾਦ ਨਾਲ ਖਾਂਦੇ ਹਾਂ। ਗਾਜਰ ਦੀ ਬਰਫ਼ੀ ਵੀ ਸਵਾਦ ਲੱਗਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਗਾਜਰ ਦੀ ਖੀਰ ਵੀ ਬਣਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਵਿਧੀ
– 3 ਗਾਜਰਾਂ
– 3 ਚੱਮਚ ਘਿਓ
– 2 ਕੱਪ ਦੁੱਧ
– 3 ਵੱਡੇ ਚੱਮਚ ਕਨਡੈਂਸਡ ਮਿਲਕ (ਗਾੜ੍ਹਾ ਦੁੱਧ)
– 8 ਕਾਜੂ (ਟੁੱਕੜੇ ਕੀਤੇ)
– 10 ਕਿਸ਼ਮਿਸ਼
– 1 ਵੱਡਾ ਚੱਮਚ ਚੀਨੀ
– ਅੱਧਾ ਛੋਟਾ ਕੱਪ ਇਲਾਇਚੀ ਪਾਊਡਰ
ਬਣਾਉਣ ਲਈ ਵਿਧੀ
ਗਾਜਰਾਂ ਨੂੰ ਧੋ ਕੇ ਛਿੱਲ ਲਓ। ਫ਼ਿਰ ਕੱਦੂਕੱਸ ਕਰ ਲਓ ਜਾਂ ਮਿਕਸਰ ‘ਚ ਪੀਸ ਲਓ। ਹੁਣ ਇੱਕ ਕੜਾਹੀ ‘ਚ ਘਿਓ ਪਾ ਕੇ ਘੱਟ ਗੈਸ ‘ਤੇ ਗਰਮ ਕਰ ਕੇ ਉਸ ‘ਚ ਕਾਜੂ ਅਤੇ ਕਿਸ਼ਮਿਸ਼ ਨੂੰ ਹੌਲੀ-ਹੌਲੀ ਕਰ ਕੇ ਪਾਓ ਅਤੇ ਭੁੰਨ੍ਹ ਲਓ। ਇਸ ਨੂੰ ਇੱਕ ਪਲੇਟ ‘ਚ ਕੱਢ ਕੇ ਰੱਖ ਲਓ। ਹੁਣ ਇਸੇ ਕੜਾਹੀ ‘ਚ ਗਾਜਰਾਂ ਪਾਓ ਅਤੇ ਘੱਟ ਗੈਸ ਕਰ ਕੇ 4-5 ਮਿੰਟ ਲਗਾਤਾਰ ਚਲਾਉਂਦੇ ਹੋਏ ਭੁੰਨ੍ਹੋ। ਇਸ ‘ਚ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਮਿਸ਼ਰਨ ਨੂੰ ਘੱਟ ਗੈਸ ‘ਤੇ ਉਬਾਲੋ।
ਉਬਾਲਣ ਤੋਂ ਬਾਅਦ ਇਸ ‘ਚ ਕਨਡੈਂਸਡ ਮਿਲਕ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ 5-7 ਮਿੰਟ ਲਈ ਘੱਟ ਗੈਸ ‘ਤੇ ਪੱਕਣ ਦਿਓ ਅਤੇ ਵਿੱਚ-ਵਿੱਚ ਇਸ ਨੂੰ ਹਿਲਾਉਂਦੇ ਰਹੋ। ਹੁਣ ਇਸ ‘ਚ ਖੰਡ ਪਾਓ ਅਤੇ ਮਿਸ਼ਰਣ ਨੂੰ ਗਾੜ੍ਹਾ ਹੋਣ ਤਕ ਪਕਾਓ। ਮਿਸ਼ਰਣ ਨੂੰ ਸੜਨ ਤੋਂ ਬਚਾਉਣ ਲਈ ਹਿਲਾਉਂਦੇ ਰਹੋ। ਹੁਣ ਖੀਰ ‘ਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਗੈਸ ਬੰਦ ਕਰ ਦਿਓ। ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਬਣੀ ਹੋਈ ਖੀਰ ਨੂੰ ਇੱਕ ਭਾਂਡੇ ‘ਚ ਕੱਢ ਲਓ ਅਤੇ ਇਸ ਨੂੰ ਉਪਰੋਂ ਕਾਜੂਆਂ ਅਤੇ ਕਿਸ਼ਮਿਸ਼ ਨਾਲ ਸਜਾਓ। ਤਿਆਰ ਖੀਰ ਨੂੰ ਖਾਓ ਅਤੇ ਪਰੋਸੋ।