Image Courtesy :jagbani(punjabkesar)

ਜੈਪੁਰ- ਕਾਂਗਰਸ ਨੇ ਰਾਜਸਥਾਨ ‘ਚ ਜਾਰੀ ਸਿਆਸੀ ਤਣਾਅ ਦਰਮਿਆਨ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕੋਰੋਨਾ ਵਾਇਰਸ ਅਤੇ ਚੀਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਬਜਾਏ ਸਿਰਫ਼ ‘ਸੱਤਾ ਲੁੱਟਣ ਦਾ ਕੰਮ ਕਰ ਰਹੀ ਹੈ।’ ਰਾਜਸਥਾਨ ‘ਚ ਸ਼ੁੱਕਰਵਾਰ ਨੂੰ ਵਾਇਰਸ ਹੋਏ 2 ਕਥਿਤ ਵੀਡੀਓ ਕਲਿੱਪ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇੱਥੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਰਾਜਸਥਾਨ ਦੀ ਸਰਕਾਰ ਸੁੱਟਣ ਦੀ ਯੋਜਨਾ ‘ਚ ਕਥਿਤ ਰੂਪ ਨਾਲ ਸ਼ਾਮਲ ਸ਼ੇਖਾਵਤ ਅਤੇ ਹੋਰ ਲੋਕਾਂ ਵਿਰੁੱਧ ਪੁਲਸ ਦੀ ਵਿਸ਼ੇਸ਼ ਕਾਰਜ ਫੋਰਸ (ਐੱਸ.ਓ.ਜੀ.) ‘ਚ ਮਾਮਲਾ ਦਰਜ ਹੋਣਾ ਚਾਹੀਦਾ, ਇਸ ਆਡੀਓ ਕਲਿੱਪ ‘ਚ ਕਥਿਤ ਤੌਰ ‘ਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਭੰਵਰ ਲਾਲ ਸ਼ਰਮਾ ਅਤੇ ਭਾਜਪਾ ਦੇ ਇਕ ਨੇਤਾ ਸੰਜੇ ਜੈਨ ਦੀ ਆਵਾਜ਼ ਹੈ। ਸੁਰਜੇਵਾਲਾ ਨੇ ਪੱਤਰਕਾਰ ਸੰਮੇਲਨ ‘ਚ ਇਸ ਕਲਿੱਪ ‘ਚ ਹੋਈ ਕਥਿਤ ਗੱਲਬਾਤ ਨੂੰ ਪੜ੍ਹ ਕੇ ਸੁਣਾਇਆ। ਉਨ੍ਹਾਂ ਨੇ ਕਿਹਾ,”ਇਸ ਗੱਲਬਾਤ ਨਾਲ ਪੈਸਿਆਂ ਦੀ ਸੌਦੇਬਾਜ਼ੀ ਅਤੇ ਰਾਜਸਥਾਨ ਦੀ ਸਰਕਾਰ ਸੁੱਟਣ ਦੀ ਮੰਸ਼ਾ ਅਤੇ ਸਾਜਿਸ਼ ਸਾਫ਼ ਹੈ। ਇਹ ਲੋਕਤੰਤਰ ਦੇ ਇਤਿਹਾਸ ਦਾ ਕਾਲਾ ਅਧਿਆਏ ਹੈ।”
ਉਨ੍ਹਾਂ ਨੇ ਕਿਹਾ,”ਪਹਿਲੀ ਨਜ਼ਰ ਰਾਜਸਥਾਨ ਕਾਂਗਰਸ ਸਰਕਾਰ ਸੁੱਟਣ ਦੀ ਸਾਜਿਸ਼ ‘ਚ ਸ਼ਾਮਲ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਐੱਸ.ਓ.ਜੀ. ਵਲੋਂ ਸ਼ਿਕਾਇਤ ਦਰਜ ਕੀਤੀ ਜਾਵੇ, ਪੂਰੀ ਜਾਂਚ ਹੋਵੇ ਅਤੇ ਜੇਕਰ ਅਹੁਦੇ ਦੀ ਗਲਤ ਵਰਤੋਂ ਕਰ ਕੇ ਜਾਂਚ ਪ੍ਰਭਾਵਿਤ ਕਰਨ ਦਾ ਸ਼ੱਕ ਹੋਵੇ (ਜਿਵੇਂ ਪਹਿਲੀ ਨਜ਼ਰ ‘ਚ ਪ੍ਰਤੀਤ ਹੁੰਦਾ ਹੈ), ਤਾਂ ਵਾਰੰਟ ਲੈ ਕੇ ਸ਼ੇਖਾਵਤ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ।” ਉਨ੍ਹਾਂ ਨੇ ਕਿਹਾ,”ਸਚਿਨ ਪਾਇਲਟ ਵੀ ਅੱਗੇ ਆ ਕੇ ਵਿਧਾਇਕਾਂ ਦੀ ਸੂਚੀ ਭਾਜਪਾ ਨੂੰ ਦੇਣ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ।” ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਸਾਬਕਾ ਮੰਤਰੀ ਅਤੇ ਵਿਧਾਇਕ ਵਿਸ਼ਵੇਂਦਰ ਸਿੰਘ ਤੇ ਵਿਧਾਇਕ ਭੰਵਰਲਾਲ ਸ਼ਰਮਾ ਨੂੰ ਪਾਰਟੀ ਦੀ ਮੈਂਬਰਤਾਂ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਕਿਹਾ ਕਿ ਜੇਕਰ ਭਾਜਪਾ ‘ਚ ਨੈਤਿਕਤਾ ਬਚੀ ਹੈ ਤਾਂ ਉਹ ਗਜੇਂਦਰ ਸਿੰਘ ਸ਼ੇਖਾਵਤ ਨੂੰ ਬਰਖ਼ਾਸਤ ਕਰੇ।
News Credit :jagbani(punjabkesar)