Image Courtesy :jagbani(punjabkesar)

ਭੁਜ- ਪਾਕਿਸਤਾਨੀ ਕੁੜੀ ਦੇ ਪਿਆਰ ‘ਚ ਪਾਗਲ ਹੋਏ ਮਹਾਰਾਸ਼ਟਰ ਦੇ ਇਕ ਇੰਜੀਨੀਅਰ ਵਿਦਿਆਰਥੀ ਨੂੰ ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਫੜ ਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਓਸਮਾਨਾਬਾਦ ਜ਼ਿਲ੍ਹੇ ਦੇ ਵਾਸੀ ਜੀਸ਼ਾਨੁਦੀਨ ਸਲੀਮੁਦੀਨ ਸਿੱਦੀਕੀ ਨੂੰ ਕੱਲ ਯਾਨੀ ਵੀਰਵਾਰ ਨੂੰ ਖਾਵੜਾ ਖੇਤਰ ‘ਚ ਕਾਂਢਵਾਂਢ ਕੋਲ ਸਰਹੱਦ ਨੇੜੇ ਫੜਿਆ ਸੀ। ਉਹ ਇਕ ਹਫ਼ਤੇ ਪਹਿਲਾ ਮੋਟਰਸਾਈਕਲ ‘ਤੇ ਆਪਣੇ ਘਰੋਂ ਨਿਕਲਿਆ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਪੁਲਸ ‘ਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਸ਼ੁਰੂਆਤੀ ਜਾਂਚ ‘ਚ ਇਹ ਸਾਹਮਣੇ ਆਇਆ ਸੀ ਕਿ ਉਹ ਸੋਸ਼ਲ ਮੀਡੀਆ ‘ਤੇ ਕਿਸੇ ਪਾਕਿਸਤਾਨੀ ਕੁੜੀ ਦੇ ਸੰਪਰਕ ‘ਚ ਸੀ। ਉਸ ਨੇ ਫੋਨ ‘ਤੇ ਉਸ ਨਾਲ ਗੱਲਾਂ ਵੀ ਕੀਤੀਆਂ ਸਨ।
ਉਹ ਉਸ ਨੂੰ ਮਿਲਣ ਲਈ ਘਰੋਂ ਨਿਕਲਿਆ ਸੀ। ਕੁਝ ਦਿਨਾਂ ਤੋਂ ਉਹ ਕੱਛ ‘ਚ ਘੁੰਮ ਰਿਹਾ ਸੀ। ਸਥਾਨਕ ਲੋਕਾਂ ਤੋਂ ਉਸ ਨੇ ਪਾਕਿਸਤਾਨੀ ਸਰਹੱਦ ਦਾ ਰਸਤਾ ਪੁੱਛਿਆ ਸੀ। ਬਾਰਸ਼ ਸਰਕਾਰ ਸਰਹੱਦੀ ਕੱਛ ਦੇ ਰਣ ਖੇਤਰ ‘ਚ ਪਾਣੀ ਅਤੇ ਚਿੱਕੜ ਹੋਣ ਕਾਰਨ ਉਸ ਦੀ ਮੋਟਰਸਾਈਕਲ ਇਕ ਜਗ੍ਹਾ ਚਿੱਕੜ ‘ਚ ਫਸ ਗਈ ਸੀ, ਜਿਸ ਤੋਂ ਬਾਅਦ ਉਹ ਪੈਦਲ ਹੀ ਸਰਹੱਦ ਵੱਲ ਵਧਿਆ ਸੀ। ਬੀ.ਐੱਸ.ਐੱਫ. ਗਸ਼ਤੀ ਦਲ ਨੇ ਉਸ ਨੂੰ ਫੜ ਲਿਆ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਪਾਕਿਸਤਾਨੀ ਖੁਫੀਆ ਏਜੰਸੀ ਅਤੇ ਹੈਨੀਟਰੈਪ (ਯਾਨੀ ਸੁੰਦਰ ਕੁੜੀਆਂ ਰਾਹੀਂ ਜਾਸੂਸੀ ਲਈ ਭਾਰਤੀ ਲੋਕਾਂ ਨੂੰ ਜਾਲ ‘ਚ ਫਸਾਉਣ) ਦਾ ਖਦਸ਼ੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
News Credit :jagbani(punjabkesar)