Image Courtesy :jagbani(punjabkesar)

ਨਵੀਂ ਦਿੱਲੀ- ਦਿੱਲੀ ਸਰਕਾਰ ਦੇ ਨੈਸ਼ਨਲ ਹੈਲਥ ਮਿਸ਼ਨ ਨਾਲ ਕੰਮ ਕਰ ਰਹੇ ਇਕ 42 ਸਾਲਾ ਡਾਕਟਰ ਦੀ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਦੇਸ਼ ਭਰ ‘ਚ ਕੋਰੋਨਾ ਵਿਰੁੱਧ ਜੰਗ ਲੜ ਰਹੇ ਹੁਣ ਤੱਕ 100 ਤੋਂ ਵੱਧ ਡਾਕਟਰਾਂ ਦੀ ਮੌਤ ਹੋ ਚੁਕੀ ਹੈ। ਡਾ. ਜਾਵੇਦ ਅਲੀ ਮਾਰਚ ਤੋਂ ਕੋਰਨੋਾ ਵਿਰੁੱਧ ਲੜਾਈ ਲੜ ਰਹੇ ਸਨ ਅਤੇ ਮਰੀਜ਼ਾਂ ਦੀ ਸੇਵਾ ‘ਚ ਜੁਟੇ ਹੋਏ ਸਨ। 24 ਜੂਨ ਨੂੰ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਉਹ ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੂੰ ਇਲਾਜ ਲਈ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ 10 ਦਿਨਾਂ ਤੋਂ ਸਿਹਤ ਜ਼ਿਆਦਾ ਖਰਾਬ ਹੋਣ ‘ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।
ਡਾ. ਜਾਵੇਦ ਅਲੀ ਮਾਰਚ ਤੋਂ ਲੈ ਕੇ ਜੂਨ ਤੱਕ ਦੱਖਣੀ ਦਿੱਲੀ ਦੇ ਛੱਤਰਪੁਰ ਦੇ ਕੁਆਰੰਟੀਨ ਸੈਂਟਰ, ਰਾਧਾ ਸਵਾਮੀ ਕੋਵਿਡ ਕੇਅਰ ਸੈਂਟਰ ਅਤੇ ਦਿੱਲੀ ਦੇ ਪੁਸ਼ਪ ਵਿਹਾਰ ਸੀਰੋ ਸਰਵਿਲਾਂਸ ਸੈਂਟਰ ‘ਤੇ ਡਿਊਟੀ ਕੀਤੀ ਸੀ। ਇਸੇ ਦੌਰਾਨ ਜੂਨ ‘ਚ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। 26 ਜੂਨ ਨੂੰ ਉਨ੍ਹਾਂ ਨੇ ਸਾਹ ਲੈਣ ‘ਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਹਾਲਾਤ ਵਿਗੜਨ ‘ਤੇ ਉਨ੍ਹਾਂ ਨੂੰ ਲੋਕਨਾਇਕ ਹਸਪਤਾਲ ਅਤੇ ਫਿਰ ਏਮਜ਼ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਵਾਇਰਸ ਨਾਲ ਤਿੰਨ ਹਫ਼ਤੇ ਲੜਨ ਤੋਂ ਬਾਅਦ ਡਾ. ਅਲੀ ਨੇ ਸੋਮਵਾਰ ਸਵੇਰੇ ਏਮਜ਼ ਟਰਾਮਾ ਸੈਂਟਰ ‘ਚ ਦਮ ਤੋੜ ਦਿੱਤਾ। ਡਾ. ਅਲੀ ਆਪਣੇ ਪਿੱਛੇ ਪਤਨੀ ਡਾ. ਹਿਨਾ ਅਤੇ 2 ਬੱਚਿਆਂ ਨੂੰ ਛੱਡ ਗਏ ਹਨ। ਪਤਨੀ ਡਾ. ਹਿਨਾ ਨੇ ਦੱਸਿਆ ਕਿ ਡਾ. ਜਾਵੇਦ ਇਕ ਸਮਰਪਿਤ ਡਾਕਟਰ ਸਨ ਅਤੇ ਉਨ੍ਹਾਂ ਨੇ ਮਾਰਚ ਤੋਂ ਕੋਈ ਛੁੱਟੀ ਨਹੀਂ ਲਈ ਸੀ।
ਡਾ. ਹਿਨਾ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਉਨ੍ਹਾਂ ਨੂੰ ਆਖਰੀ ਵਾਰ ਦੇਖਣ ਵੀ ਨਹੀਂ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਚੰਦੌਸੀ ਦੇ ਰਹਿਣ ਵਾਲੇ ਡਾ. ਜਾਵੇਦ ਅਲੀ ਨੇ ਰੂਸ ਦੀ ਸਟੇਟ ਮੈਡੀਕਲ ਅਕੈਡਮੀ ਤੋਂ MBBS ਦੀ ਪੜ੍ਹਾਈ ਕੀਤੀ ਸੀ। ਡਾ. ਅਲੀ ਨੇ ਸਾਲ 2011 ‘ਚ ਨੈਸ਼ਨਲ ਹੈਲਥ ਮਿਸ਼ਨ ‘ਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਕੋਰੋਨਾ ਇਨਫੈਕਸ਼ਨ ਫੈਲਣ ਤੋਂ ਪਹਿਲਾਂ ਉਹ ਦੱਖਣੀ ਦਿੱਲੀ ਦੇ ਸੰਗਮ ਵਿਹਾਰ ‘ਚ ਸਥਿਤ ਡਿਸਪੈਂਸਰੀ ‘ਚ ਤਾਇਨਾਤ ਸਨ।

News Credit :jagbani(punjabkesar)