Image Courtesy :jagbani(punjabkesar)

ਨਵੀਂ ਦਿੱਲੀ — ਦਿੱਲੀ ਵਿਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦਾ ਕਮਿਊਨਿਟੀ ਪ੍ਰਸਾਰ ਹੋਇਆ ਹੈ ਅਤੇ ਸੂਬਾ ਸਰਕਾਰ ਵਾਇਰਸ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਹਰ ਮਹੀਨੇ ਸੀਰੋ ਸਰਵੇ ਕਰਵਾਏਗੀ। ਕੋਰੋਨਾ ਤੋਂ ਜੰਗ ਜਿੱਤ ਕੇ ਮੁੜ ਤੋਂ ਸਿਹਤ ਮਹਿਕਮੇ ਦਾ ਕੰਮਕਾਜ ਸੰਭਾਲਣ ਮਗਰੋਂ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਦਿੱਲੀ ‘ਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਪ੍ਰਸਾਰ ਹੋਇਆ ਹੈ। ਜੈਨ ਨੇ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਕੱਲ ਕੇਂਦਰੀ ਸਿਹਤ ਮਹਿਕਮੇ ਵਲੋਂ ਜਾਰੀ ਸੀਰੋ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਇਕ ਚੌਥਾਈ ਆਬਾਦੀ ਇਸ ਤੋਂ ਪੀੜਤ ਹੋਈ ਅਤੇ ਠੀਕ ਵੀ ਹੋਈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਪ੍ਰਸਾਰ ਦਾ ਮੁਲਾਂਕਣ ਕਰਨ ਲਈ ਹੁਣ ਹਰ ਮਹੀਨੇ ਸੀਰੋ ਸਰਵੇ ਕਰਵਾਇਆ ਜਾਵੇਗਾ।
ਅਗਲਾ ਸਰਵੇ ਇਕ ਤੋਂ 5 ਅਗਸਤ ਤੱਕ ਹੋਵੇਗਾ। ਬੀਤੇ ਦਿਨੀਂ ਜਾਰੀ ਪਹਿਲੇ ਸੀਰੋ ਸਰਵੇ ਵਿਚ ਦਿੱਲੀ ਦੀ 23.48 ਫੀਸਦੀ ਆਬਾਦੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਦਾ ਖੁਲਾਸਾ ਹੋਇਆ। ਇਹ ਸੀਰੋ ਸਰਵੇ 27 ਜੂਨ ਤੋਂ 10 ਜੁਲਾਈ ਵਿਚਾਲੇ ਹੋਇਆ ਸੀ। ਇਸ ਨੂੰ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਅਤੇ ਦਿੱਲੀ ਸਰਕਾਰ ਨੇ ਮਿਲ ਕੇ ਕੀਤਾ ਸੀ। ਸਰਵੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਲੋਕ ਬਿਨਾਂ ਲੱਛਣ ਵਾਲੇ ਹਨ। ਮਹਾਮਾਰੀਦੇ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਦਿੱਲੀ ਵਿਚ 23.48 ਫੀਸਦੀ ਦੇ ਵਾਇਰਸ ਦੀ ਲਪੇਟ ‘ਚ ਆਉਣ ‘ਤੇ ਸਰਕਾਰ ਨੇ ਕਿਹਾ ਕਿ ਤਾਲਾਬੰਦੀ ਲਾਉਣ, ਕੰਟੇਨਮੈਂਟ ਜ਼ੋਨ ਬਣਾਉਣ ਦੀ ਵਜ੍ਹਾ ਨਾਲ ਇਹ ਸੰਭਵ ਹੋ ਸਕਿਆ। ਸਰਵੇ ‘ਚ ਦਿੱਲੀ ਦੇ ਲੋਕਾਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ ਹੈ।
News Credit :jagbani(punjabkesar)