Image Courtesy :jagbani(punjabkesar)

ਮੋਹਾਲੀ— ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਤਲਵੰਡੀ ਸੁਖਦੇਵ ਸਿੰਘ ਢੀਂਡਸਾ ਧੜੇ ‘ਚ ਸ਼ਾਮਲ ਹੋ ਗਏ। ਰਣਜੀਤ ਸਿੰਘ ਤਲਵੰਡੀ ਨੇ ਆਪਣੇ ਪੂਰੇ ਸਾਥੀਆਂ ਦੇ ਨਾਲ ਅੱਜ ਤੋਂ ਸੁਖਦੇਵ ਸਿੰਘ ਢੀਂਡਸਾ ਨੂੰ ਸਮਰਥਨ ਦੇ ਦਿੱਤਾ ਹੈ। ਰਣਜੀਤ ਸਿੰਘ ਤਲੰਵਡੀ ਅੱਜ ਤੋਂ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਹਨ। ਇਸ ਮੌਕੇ ਇਸ ਨਵੇਂ ਦਲ ਦੇ ਨੇਤਾ ਸੇਵਾ ਸਿੰਘ ਸਿੰਘ ਸੇਖਵਾਂ ਅਤੇ ਹੋਰ ਨੇਤਾ ਵੀ ਸ਼ਾਮਲ ਸਨ।
ਢੀਂਡਸਾ ਦਲ ‘ਚ ਸ਼ਾਮਲ ਹੋਣ ਤੋਂ ਬਾਅਦ ਰਣਜੀਤ ਸਿੰਘ ਤਲੰਵਡੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਲੱਖਾਂ ਕੁਰਬਾਨੀਆਂ ਕਰਨ ਤੋਂ ਬਾਅਦ ਹੋਂਦ ‘ਚ ਆਈ ਸੀ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਪਾਰਟੀ ‘ਚ ਦਿੱਕਤ ਨਹੀਂ ਸੀ ਪਰ ਅੱਜ ਜੋ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਹਾਲ ਹੋ ਚੁੱਕਾ ਹੈ, ਉਹ ਸਾਰੇ ਹੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ ਸੀ ਕਿ ਸਾਡੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇਗੀ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਸਾਢੇ 17 ਮਹੀਨੇ ਸਰਕਾਰ ਰਹੀ ਅਤੇ ਅਸੀਂ ਕੁਝ ਵੀ ਨਹੀਂ ਕਰ ਸਕੇ।
ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਸਿਆਸੀ ਪਾਰੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਆਪਣੀ ਅਣਦੇਖੀ ਦਾ ਸ਼ਿਕਾਰ ਹੋ ਕੇ ਘਰਾਂ ‘ਚ ਸ਼ਾਂਤ ਬੈਠੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਮਨਾ ਕੇ ਆਪਣੇ ਨਾਲ ਤੋਰਨ ਲਈ ਆਰੰਭੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਇਸ ਸਬੰਧੀ ਕੋਵਿਡ-19 ਸਬੰਧੀ ਜ਼ਰੂਰੀ ਹਦਾਇਤਾਂ ਅਤੇ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਦੇ ਮੋਹਾਲੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਫੇਜ਼-11 ‘ਚ ਇਕ ਸਾਧਾਰਨ ਜਿਹਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ‘ਚ ਬਹੁਤ ਹੀ ਘੱਟ ਵਿਅਕਤੀਆਂ ਨੂੰ ਪਹੁੰਚਣ ਲਈ ਸੱਦਾ ਗਿਆ ਸੀ।

News Credit :jagbani(punjabkesar)