Image Courtesy :facebook

ਮੈਲਬਰਨ – ਆਸਟਰੇਲੀਆਈ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ 4 ਸਤੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਜੈਵ ਸੁਰੱਖਿਅਤ (ਬਾਇਓ ਬਬਲ) ਮਾਹੌਲ ਵਿੱਚ ਤਿੰਨ T-20 ਅਤੇ ਇੰਨੇ ਹੀ ਵਨ ਡੇ ਕੌਮਾਂਤਰੀ ਮੈਚ ਖੇਡੇ ਜਾਣਗੇ। ਇੱਕ ਰਿਪਰੋਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਦਾ ਡੇਲੀ ਟੈਲੀਗ੍ਰੈਫ਼ ਦੀ ਰਿਪੋਰਟ ਅਨੁਸਾਰ ਦੌਰੇ ਦੀ ਸ਼ੁਰੂਆਤ T-20 ਲੜੀ ਨਾਲ ਹੋਵੇਗੀ। T-20 ਮੈਚ 4,6 ਤੇ 8 ਸਤੰਬਰ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 10, 12 ਤੇ 15 ਸਤੰਬਰ ਨੂੰ ਵਨ ਡੇ ਮੈਚ ਹੋਣਗੇ। ਰਿਪੋਰਟ ਅਨੁਸਾਰ, ਆਸਟਰੇਲੀਆਈ ਟੀਮ ਨਿੱਜੀ ਜਹਾਜ਼ ਰਾਹੀਂ ਇੰਗਲੈਂਡ ਰਵਾਨਾ ਹੋਵੇਗੀ ਅਤੇ ਸਾਰੇ ਛੇ ਮੈਚ ਸਾਊਥੈਂਪਟਨ ਅਤੇ ਮੈਨਚੈਸਟਰ ਦੇ ਓਲਡ ਟ੍ਰੈਫ਼ਰਡ ਵਿੱਚ ਖੇਡੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਦੋਹਾਂ ਸਥਾਨਾਂ ‘ਤੇ ਟੀਮਾਂ, ਮੈਚ ਅਧਿਕਾਰੀਆਂ ਅਤੇ ਪ੍ਰਸਾਰਕਾਂ ਦੇ ਰੁਕਣ ਲਈ ਸਟੇਡੀਅਮ ਦੇ ਨੇੜੇ ਹੀ ਹੋਟਲ ਹਨ। ਇਨ੍ਹਾਂ ਦੋਹਾਂ ਮੈਦਾਨਾਂ ‘ਤੇ ਹੀ ਅੱਜਕੱਲ੍ਹ ਇੰਗਲੈਂਡ ਅਤੇ ਵੈੱਸਟਇੰਡੀਜ਼ ਵਿਚਾਲੇ ਟੈੱਸਟ ਲੜੀ ਖੇਡੀ ਜਾ ਰਹੀ ਹੈ ਜਿਸ ਨਾਲ ਕੋਰੋਨਾ ਦੌਰਾਨ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਵੀ ਹੋਈ ਹੈ। ਇਸ ਤੋਂ ਬਾਅਦ ਪਾਕਿਸਤਾਨ ਵਿਰੁੱਧ ਲੜੀ ਵੀ ਇਨ੍ਹਾਂ ਸਥਾਨਾਂ ‘ਤੇ ਹੀ ਖੇਡੀ ਜਾਵੇਗੀ। ਆਸਟਰੇਲੀਆਈ ਚੋਣਕਾਰਾਂ ਨੇ ਇਸ ਦੌਰੇ ਲਈ ਪਿਛਲੇ ਹਫ਼ਤੇ 26 ਮੈਂਬਰੀ ਸੰਭਾਵਿਤ ਟੀਮ ਦੀ ਚੋਣ ਕੀਤੀ ਸੀ।