Image Courtesy :jagbani(punjabkesar)

ਬਠਿੰਡਾ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਬਠਿੰਡਾ ਜ਼ਿਲ੍ਹੇ ‘ਚ 74 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਸਭ ਤੋਂ ਵੱਧ 110 ਕੇਸਾਂ ਦੀ ਪੁਸ਼ਟੀ ਹੋਣ ਨਾਲ ਸਿਹਤ ਵਿਭਾਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਹੱਥ ਪੈਰ ਫੁੱਲ ਗਏ ਹਨ। ਇਸ ‘ਚ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਾਰੇ ਕੇਸ ਜ਼ਿਲ੍ਹਾ ਹੌਟਸਪਾਟ ਬਣ ਚੁੱਕੇ ਰਾਮਾ ਮੰਡੀ ਤੋਂ ਹਨ। ਫਿਲਹਾਲ ਸਿਹਤ ਵਿਭਾਗ ਨੇ ਉਕਤ ਸਾਰੇ ਲੋਕਾਂ ਦੇ ਸੰਪਰਕ ‘ਚ ਆਏ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਸਿਹਤ ਵਿਭਾਗ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਕਤ ਸਾਰੇ ਲੋਕ ਰਾਮਾ ਮੰਡੀ ‘ਚ ਲੇਬਰ ਕਾਲੋਨੀ ‘ਚ ਆਪਣੇ ਜਾਨ-ਪਛਾਣ ਵਾਲੇ ਲੋਕਾਂ ਕੋਲ ਰਹਿ ਰਹੇ ਸਨ। ਜਾਣਕਾਰੀ ਮੁਤਾਬਕ ਇਸ ਕਾਲੋਨੀ ‘ਚ ਸੈਂਕੜੇ ਲੋਕ ਕੁਆਟਰਾਂ ‘ਚ ਰਹਿੰਦੇ ਹਨ ਅਤੇ ਇਕ ਕਮਰੇ ‘ਚ ਚਾਰ ਤੋਂ ਪੰਜ ਲੋਕ ਰਹਿ ਰਹੇ ਹਨ। ਕਮਰੇ ਛੋਟੇ ਹੋਣ ਦੇ ਕਾਰਨ ਸੋਸ਼ਲ ਡਿਸਟੈਂਸਿੰਗ ਸੰਭਵ ਹੀ ਨਹੀਂ ਹੈ। ਇਸ ਸਥਿਤੀ ‘ਚ ਸਿਹਤ ਵਿਭਾਗ ਵੀ ਮੰਨ ਚੁੱਕਾ ਹੈ ਕਿ ਉਨ੍ਹਾਂ ਦੇ ਲਈ ਰਾਮਾ ਰਿਫਾਇਨਰੀ ‘ਚ ਕੰਮ ਕਰਨ ਲਈ ਆਉਣ ਵਾਲੇ ਸਮੇਂ ਉਹ ਕੰਮ ਕਰ ਰਹੀਆਂ ਹਜ਼ਾਰਾਂ ਦੀਆਂ ਤਦਾਦ ‘ਚ ਲੇਬਰ ਨੂੰ ਲੈ ਕੇ ਚਿੰਤਾ ਵਧ ਸਕਦੀ ਹੈ। ਇਸ ਬਾਬਤ ਸਿਹਤ ਵਿਭਾਗ ਹੁਣ ਵੱਖ ਤੋਂ ਯੋਜਨਾ ਬਣਾ ਕੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਟੈਸਟ ਕਰਵਾਉਣ ਨੂੰ ਲੈ ਕੇ ਉਨ੍ਹਾਂ ‘ਚੋਂ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗਾ।
ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਵਾਇਰਸ ਨੇ ਹੁਣ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 45,720 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 12.38 ਲੱਖ ਤੱਕ ਪੁੱਜ ਗਈ ਹੈ ਅਤੇ ਮੌਤਾਂ ਦਾ ਅੰਕੜਾ 29 ਹਜ਼ਾਰ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ ਇਕ ਦਿਨ ‘ਚ 1,129 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦਾ ਅੰਕੜਾ 29,861 ਤੱਕ ਪਹੁੰਚ ਗਿਆ ਹੈ।

News Credit :jagbani(punjabkesar)