Image Courtesy :jagbani(punjabkesar)

ਲੰਡਨ – ਕੋਰੋਨਾਵਾਇਰਸ ਦੇ ਕਾਰਨ ਖੇਡ ਜਗਤ ‘ਚ ਵੀ ਉਥਲ-ਪੁਥਲ ਮਚੀ ਹੋਈ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਪਹਿਲਾਂ ਏਸ਼ੀਆ ਕੱਪ ਅਤੇ ਹੁਣ ਪੁਰਸ਼ ਟੀ-20 ਵਰਲਡ ਕੱਪ ਨੂੰ ਮੁਲਤਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਮਹਿਲਾ ਵਨਡੇ ਕੱਪ ‘ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਇਸ ਸਬੰਧੀ ਨਿਊਜ਼ੀਲੈਂਡ ਕ੍ਰਿਕਟ (NZC) ਦੇ ਮੁਖੀ ਗ੍ਰੈੱਗ ਬਰਕਲੇ ਨੇ ਕਿਹਾ ਕਿ 2021 ਮਹਿਲਾ ਵਿਸ਼ਵ ਕੱਪ ‘ਤੇ ਫ਼ੈਸਲਾ ਅਗਲੇ ਦੋ ਹਫ਼ਤਿਆਂ ‘ਚ ਕੀਤਾ ਜਾਵੇਗਾ।
ਬਰਕਲੇ ਦਾ ਇਹ ਬਿਆਨ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਦੀ ਟਿੱਪਣੀ ਤੋਂ ਬਾਅਦ ਆਇਆ ਹੈ ਕਿ ਕੋਰੋਨਾ ਸੰਕਟ ਦੇ ਬਾਵਜੂਦ ਨਿਊ ਜ਼ੀਲੈਂਡ ‘ਚ 6 ਫ਼ਰਵਰੀ ਤੋਂ 7 ਮਾਰਚ ਤਕ ਹੋਣ ਵਾਲੀ ਪ੍ਰਤੀਯੋਗਤਾ ਦੇ ਪ੍ਰੋਗਰਾਮ ‘ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ICC ਨੂੰ ਹਾਲਾਂਕਿ ਅਕਤੂਬਰ-ਨਵੰਬਰ ‘ਚ ਆਸਟਰੇਲੀਆ ‘ਚ ਹੋਣ ਵਾਲੇ ਪੁਰਸ਼ T-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਬਰਕਲੇ ਨੇ ਰੇਡੀਓ ਨਿਊ ਜ਼ੀਲੈਂਡ ਨੂੰ ਕਿਹਾ ਕਿ ਮਹਿਲਾ ਵਰਲਡ ਕੱਪ ‘ਤੇ ਫ਼ੈਸਲਾ ਅਗਲੇ ਦੋ ਹਫ਼ਤਿਆਂ ‘ਚ ਕੀਤਾ ਜਾਵੇਗਾ।