Image Courtesy :zeenews

ਬੌਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਨੈਪੋਟਿਜ਼ਮ ‘ਤੇ ਬਹਿਸ ਜਾਰੀ ਹੈ। ਇਸ ਬਹਿਸ ‘ਚ ਅਦਾਕਾਰਾ ਕੰਗਨਾ ਰਣੌਤ ਖੁੱਲ੍ਹ ਕੇ ਬੋਲਦੀ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਕਈ ਹੋਰ ਫ਼ਿਲਮ ਮੇਕਰਜ਼ ‘ਤੇ ਵੀ ਦੋਸ਼ ਲਾਏ ਹਨ। ਅਦਾਕਾਰਾ ਨੇ ਕਿਹਾ ਕਿ ਜੇਕਰ ਉਹ ਆਪਣੇ ਬਿਆਨਾਂ ਨੂੰ ਸਾਬਿਤ ਨਹੀਂ ਕਰ ਪਾਉਂਦੀ ਤਾਂ ਉਹ ਆਪਣਾ ਪਦਮਸ਼੍ਰੀ ਸਨਮਾਨ ਵਾਪਿਸ ਕਰ ਦੇਵੇਗੀ। ਨੈਪੋਟਿਜ਼ਮ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਕੰਗਨਾ ਸੁਸ਼ਾਂਤ ਦੇ ਕੇਸ ‘ਚ ਮਦਦ ਕਰਨ ਲਈ ਵੀ ਤਿਆਰ ਹੈ।
ਕੰਗਨਾ ਰਣੌਤ ਨੇ ਰਿਪਬਲਿਕ TV ਨੂੰ ਦਿੱਤੇ ਇੱਕ ਇੰਟਰਵਿਊ ‘ਚ ਪਦਮਸ਼੍ਰੀ ਵਾਪਿਸ ਕਰਨ ਦੀ ਗੱਲ ਆਖੀ। ਉਸ ਨੇ ਕਿਹਾ, ”ਮੁੰਬਈ ਪੁਲੀਸ ਨੇ ਮੈਨੂੰ ਸੰਮਨ ਭੇਜਿਆ ਸੀ, ਅਤੇ ਮੈਂ ਉਨ੍ਹਾਂ ਨੂੰ ਵੀ ਕਿਹਾ ਸੀ ਕਿ ਮੈਂ ਮਨਾਲੀ ‘ਚ ਹਾਂ ਅਤੇ ਤੁਸੀਂ ਕਿਸੇ ਨੂੰ ਮੇਰਾ ਬਿਆਨ ਦਰਜ ਕਰਨ ਲਈ ਭੇਜ ਸਕਦੇ ਹੋ ਪਰ ਉਸ ਤੋਂ ਬਾਅਦ ਕੋਈ ਜਵਾਬ ਨਹੀਂ ਮਿਲਿਆ। ਮੈਂ ਤੁਹਾਨੂੰ ਦੱਸ ਰਹੀ ਹਾਂ, ਜੇਕਰ ਮੈਂ ਕੁੱਝ ਕਿਹਾ ਹੈ ਅਤੇ ਉਸ ਨੂੰ ਮੈਂ ਸਾਬਿਤ ਨਹੀਂ ਕਰ ਸਕੀ ਅਤੇ ਜੇ ਉਹ ਜਨਤਕ ਡੋਮੇਨ ‘ਚ ਨਹੀਂ ਤਾਂ ਮੈਂ ਆਪਣਾ ਪਦਮਸ਼੍ਰੀ ਵਾਪਿਸ ਕਰ ਦੇਵਾਂਗੀ ਕਿਉਂਕਿ ਫ਼ਿਰ ਮੈਂ ਇਸ ਦੇ ਲਾਈਕ ਹੀ ਨਹੀਂ ਹਾਂ।”
ਦੱਸ ਦਈਏ ਕਿ ਕੰਗਨਾ ਰਣੌਤ ਇੰਟਰਵਿਊ ਦੌਰਾਨ ਕਾਫ਼ੀ ਗੁੱਸੇ ‘ਚ ਨਜ਼ਰ ਆਈ ਅਤੇ ਉਸ ਨੇ ਕਈ ਫ਼ਿਲਮ ਮੇਕਰਜ਼ ‘ਤੇ ਦੋਸ਼ ਲਾਏ। ਉਸ ਨੇ ਕੁੱਝ ਫ਼ਿਲਮੀ ਹਸਤੀਆਂ ਦਾ ਸਿੱਧਾ ਨਾਂ ਲੈਂਦੇ ਹੋਏ ਉਨ੍ਹਾਂ ਨੂੰ ਸੁਸਾਈਡ ਗੈਂਗ ਦੱਸਿਆ। ਅਦਾਕਾਰਾ ਸੁਸ਼ਾਂਤ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਕਾਫ਼ੀ ਪਰੇਸ਼ਾਨ ਅਤੇ ਗੁੱਸੇ ‘ਚ ਹੈ ਅਤੇ ਲਗਾਤਾਰ ਬੌਲੀਵੁਡ ਦੇ ਕੁੱਝ ਲੋਕਾਂ ‘ਤੇ ਨੈਪੋਟਿਜ਼ਮ ਅਤੇ ਫ਼ੇਵਰੇਟਿਜ਼ਮ ਨੂੰ ਵਧਾਉਣ ਦਾ ਦੋਸ਼ ਲਗਾ ਰਹੀ ਹੈ। ਅਦਾਕਾਰਾ ਨੇ ਪਹਿਲਾਂ ਇਸ ਨੂੰ ਲੈ ਕੇ ਵੀ ਵੀਡੀਓ ਜਾਰੀ ਕੀਤਾ ਹੈ ਅਤੇ ਆਪਣੀ ਗੱਲ ਰੱਖੀ ਹੈ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿਖੇ ਆਪਣੇ ਅਪਾਰਟਮੈਂਟ ‘ਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਉਸ ਦੀ ਖ਼ੁਦਕੁਸ਼ੀ ਦਾ ਮਾਮਲਾ ਹਾਲੇ ਤਕ ਬੌਲੀਵੁਡ ਸਿਤਾਰਿਆਂ ‘ਚ ਗਰਮਾਇਆ ਹੋਇਆ ਹੈ। ਰੋਜ਼ਾਨਾ ਨਵੇ੬-ਨਵੇ੬ ਖ਼ੁਲਾਸੇ ਹੋ ਰਹੇ ਹਨ। ਸੁਸ਼ਾਂਤ ਦੇ ਪ੍ਰਸ਼ੰਸਕ ਤੇ ਕੁੱਝ ਸਿਤਾਰੇ ਉਨ੍ਹਾਂ ਦੇ ਖ਼ੁਦਕੁਸ਼ੀ ਮਾਮਲੇ ‘ਤੇ CBI ਜਾਂਚ ਦੀ ਮੰਗ ਕਰ ਰਹੇ ਹਨ।