Image Courtesy :m.dailyhunt

ਨਵੀਂ ਦਿੱਲੀ – ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਬਾਅਦ ਕ੍ਰਿਕਟ ਦੀ ਵਾਪਸੀ ‘ਤੇ ਤੇਜ਼ ਗੇਂਦਬਾਜ਼ਾਂ ਨੂੰ ਹੋਰਨਾਂ ਖਿਡਾਰੀਆਂ ਦੀ ਤੁਲਨਾ ਵਿੱਚ ਵਧੇਰੇ ਸਾਵਧਾਨੀ ਵਰਤਣੀ ਪਵੇਗੀ। ਕੋਰੋਨਾ ਵਾਇਰਸ ਦੇ ਕਾਰਣ ਭਾਰਤ ਸਮੇਤ ਦੁਨੀਆ ਭਰ ਵਿੱਚ ਕ੍ਰਿਕਟ ਗਤੀਵਿਧੀਆਂ ਠੱਪ ਪਈਆਂ ਹਨ ਅਤੇ ਅਜਿਹੇ ਵਿੱਚ ਖਿਡਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਮੈਦਾਨ ਵਿੱਚੋਂ ਬਾਹਰ ਹਨ ਅਤੇ ਟ੍ਰੇਨਿੰਗ ਵੀ ਨਹੀਂ ਕਰ ਰਹੇ। ਹਾਲਾਂਕਿ ਕੋਰੋਨਾ ਦੇ ਕਹਿਰ ਵਿਚਾਲੇ ਇੰਗਲੈਂਡ ਅਤੇ ਵੈੱਸਟਇੰਡੀਜ਼ ਵਿਚਾਲੇ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਦਰਸ਼ਕਾਂ ਦੇ ਬਿਨਾਂ ਖੇਡੀ ਜਾ ਰਹੀ ਹੈ।
ਇਰਫ਼ਾਨ ਨੇ ਇੱਕ ਸ਼ੋਅ ਦੌਰਾਨ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਮੈਂ ਤੇਜ਼ ਗੇਂਦਬਾਜ਼ਾਂ ਨੂੰ ਲੈ ਕੇ ਚਿੰਤਤ ਹਾਂ। ਉਨ੍ਹਾਂ ਨੂੰ ਖ਼ੁਦ ਨੂੰ ਹਾਲਾਤ ਦੇ ਅਨੁਸਾਰ ਢਾਲਣ ਵਿੱਚ ਚਾਰ ਤੋਂ ਛੇ ਹਫ਼ਤੇ ਲੱਗਣਗੇ। ਕਿਸੇ ਵੀ ਤੇਜ਼ ਗੇਂਦਬਾਜ਼ ਲਈ 25 ਯਾਰਡ ਤਕ ਦੌੜ ਕੇ 140-150 ਦੀ ਸਪੀਡ ਨਾਲ ਗੇਂਦਬਾਜ਼ੀ ਕਰਨਾ ਅਤੇ ਲਗਾਤਾਰ ਗੇਂਦਬਾਜ਼ੀ ਕਰਦੇ ਰਹਿਣਾ ਮੁਸ਼ਕਿਲ ਕੰਮ ਹੁੰਦਾ ਹੈ।” ਇਸ ਸਾਲ ਜਨਵਰੀ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਇਰਫ਼ਾਨ ਨੇ ਕਿਹਾ ਕਿ ਜਦੋਂ ਖਿਡਾਰੀ ਇੰਨੇ ਲੰਬੇ ਸਮੇਂ ਬਾਅਦ ਮੈਦਾਨ ‘ਤੇ ਵਾਪਿਸ ਆਉਣਗੇ ਤਾਂ ਉਨ੍ਹਾਂ ਦੇ ਲਈ ਜ਼ਖ਼ਮੀ ਹੋਣ ਤੋਂ ਬਚਣਾ ਇੱਕ ਵੱਡੀ ਚੁਣੌਤੀ ਹੋਵੇਗੀ। ਇਰਫ਼ਾਨ ਨੇ ਕਿਹਾ, ”ਤੇਜ਼ ਗੇਂਦਬਾਜ਼ਾਂ ਦਾ ਸ਼ਰੀਰ ਕਠੋਰ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਲਈ ਸੱਟ ਤੋਂ ਬਚਾਅ ਰੱਖਣਾ ਇੱਕ ਚੁਣੌਤੀ ਹੋਵੇਗੀ ਕਿਉਂਕਿ ਮੇਰੇ ਖ਼ਿਆਲ ‘ਚ ਕਿਸੇ ਵੀ ਤੇਜ਼ ਗੇਂਦਬਾਜ਼ ਨੂੰ ਆਪਣੀ ਲੈਅ ਪਾਉਣ ਲਈ ਘੱਟ ਤੋਂ ਘੱਟ 4 ਤੋਂ 6 ਹਫ਼ਤੇ ਦਾ ਸਮਾਂ ਚਾਹੀਦਾ ਹੈ। ਇਸ ਲਈ ਤੇਜ਼ ਗੇਂਦਬਾਜ਼ਾਂ ਨੂੰ ਸਪਿਨਰ ਜਾਂ ਬੱਲੇਬਾਜ਼ ਦੀ ਤੁਲਨਾ ਵਿੱਚ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।”