Image Courtesy :jagbani(punjabkesar)

ਨਵੀਂ ਦਿੱਲੀ – ਇੰਗਲੈਂਡ ਦਾ ਸਾਬਕਾ ਔਫ਼ ਸਪਿਨਰ ਗ੍ਰੈਮ ਸਵਾਨ ਭਾਰਤ ਦੇ ਉਭਰਦੇ ਖਿਡਾਰੀਆਂ ਵਿੱਚੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੋਂ ਕਾਫ਼ੀ ਪ੍ਰਭਾਵਿਤ ਹੈ। ਸਵਾਨ ਨੇ ਇੱਕ ਸ਼ੋਅ ਦੌਰਾਨ ਕਿਹਾ, ”ਜਦੋਂ ਤੁਸੀਂ ਭਾਰਤ ਦੇ ਨੌਜਵਾਨ ਖਿਡਾਰੀਆਂ ਦੀ ਗੱਲ ਕਰਦੇ ਹੋ ਤਾਂ ਭਾਰਤ ਦੇ ਜਿਸ ਖਿਡਾਰੀ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਉਹ ਰਿਸ਼ਭ ਪੰਤ ਹੈ। ਉਹ ਜਿਸ ਅੰਦਾਜ਼ ਵਿੱਚ ਬੇਖੌਫ਼ ਖੇਡਦਾ ਹੈ, ਉਸ ਤੋਂ ਮੈਂ ਕਾਫ਼ੀ ਪ੍ਰਭਾਵਿਤ ਹਾਂ। ਭਾਰਤ ਦੇ ਸਾਬਕਾ ਆਲਰਾਊਂਡਰ ਇਰਫ਼ਾਨ ਪਠਾਨ ਨੇ ਵੀ ਪੰਤ ਲਈ ਕਿਹਾ ਹੈ ਕਿ ਉਸ ਨੂੰ ਟੀਮ ਦਾ ਸਮਰਥਨ ਮਿਲ ਰਿਹਾ ਹੈ।”
ਸਾਬਕਾ ਔਫ਼ ਸਪਿਨਰ ਨੇ ਕਿਹਾ, ”ਜਦੋਂ ਭਾਰਤੀ ਟੀਮ ਟੈੱਸਟ ਸੀਰੀਜ਼ ਖੇਡਣ ਇੰਗਲੈਂਡ ਆਈ ਸੀ ਤਾਂ ਪੰਤ ਨੇ ਟ੍ਰੈਂਟ ਬ੍ਰਿਜ ਵਿੱਚ ਪਹਿਲੀ ਜਾਂ ਦੂਜੀ ਹੀ ਗੇਂਦ ‘ਤੇ ਸਪਿਨ ਗੇਂਦਬਾਜ਼ ਦੇ ਸਿਰ ਉੱਪਰੋਂ ਸਿੱਧਾ ਛੱਕਾ ਮਾਰ ਦਿੱਤਾ ਸੀ। ਮੈਨੂੰ ਉਸੇ ਸਮੇਂ ਲੱਗ ਗਿਆ ਸੀ ਕਿ ਇਹ ਖਿਡਾਰੀ ਟੈੱਸਟ ਕ੍ਰਿਕਟ ਲਈ ਕੁੱਝ ਖ਼ਾਸ ਹੈ। ਇਹ ਨੌਜਵਾਨ ਖਿਡਾਰੀ ਹੈ, ਪਰ ਉਹ ਆਪਣੀ ਖੇਡ ਨੂੰ ਲੈ ਕੇ ਸਮਰਪਿਤ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪੂਰੀ ਟੀਮ ਉਸ ਦਾ ਪੂਰਾ ਸਮਰਥਨ ਕਰਦੀ ਹੈ।” ਪੰਤ ਨੂੰ ਭਾਰਤੀ ਟੀਮ ਵਿੱਚ ਮਹਿੰਦਰ ਸਿੰਘ ਧੋਨੀ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਅਤੇ ਕਪਤਾਨ ਵਿਰਾਟ ਕੋਹਲੀ ਅਤੇ ਸੀਮਿਤ ਓਵਰਾਂ ਦਾ ਕਪਤਾਨ ਰੋਹਿਤ ਸ਼ਰਮਾ ਉਸ ਦਾ ਪੂਰਾ ਸਮਰਥਨ ਕਰਦੇ ਹਨ।