Image Courtesy :jagbani(punjabkesar)

ਲੁਧਿਆਣਾ : ਲੁਧਿਆਣਾ ਦੇ ਬੁੱਢਾ ਨਾਲੇ ‘ਚ ਵੱਡੇ ਪੱਧਰ ‘ਤੇ ਪ੍ਰਦੂਸ਼ਣ ਸੁੱਟਿਆ ਜਾ ਰਿਹਾ ਹੈ, ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ 650 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ, ਜਿਸ ਲਈ ਨਿੱਜੀ ਕੰਪਨੀਆਂ ਨੂੰ ਠੇਕੇ ਦਿੱਤੇ ਜਾ ਰਹੇ ਹਨ ਪਰ ਜਿਵੇਂ ਕਿ ਨਿੱਜੀ ਕੰਪਨੀਆਂ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਬੁੱਢੇ ਨਾਲੇ ਤੇ 20 ਫੁੱਟ ਤੱਕ ਦੇ ਕਬਜ਼ੇ ਲੋਕਾਂ ਨੇ ਕੀਤੇ ਹੋਏ ਹਨ। ਨਿੱਜੀ ਕੰਪਨੀ ਵਲੋਂ 5 ਕਿਲੋਮੀਟਰ ਦੀ ਹੀ ਨਿਸ਼ਾਨਦੇਹੀ ਕੀਤੀ ਗਈ ਹੈ। 14.8 ਕਿਲੋਮੀਟਰ ਦਾ ਕੁੱਲ ਲੁਧਿਆਣਾ ‘ਚ ਬੁੱਢਾ ਨਾਲਾ ਹੈ। 80 ਤੋਂ ਵੱਧ ਗ਼ੈਰ-ਕਾਨੂੰਨੀ ਕਬਜ਼ੇ ਇਸ ਪੰਜ ਕਿਲੋਮੀਟਰ ਵਿਚ ਹੀ ਸਾਹਮਣੇ ਆ ਗਏ ਹਨ ਜਿਸ ਨੂੰ ਹਟਾਉਣਾ ਹੁਣ ਨਗਰ-ਨਿਗਮ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਇਸ ਸਬੰਧੀ ਜਦੋਂ ਲੁਧਿਆਣਾ ਦੇ ਮੇਅਰ ਬਲਕਾਰ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਬੈਠਕ ਹੋ ਗਈ ਹੈ ਅਤੇ ਜੇਕਰ ਕੋਈ ਗੈਰਕਨੂੰਨੀ ਉਸਾਰੀ ਹੋਵੇਗੀ ਤਾਂ ਉਸ ਨੂੰ ਹਟਾ ਦਿੱਤਾ ਜਾਵੇਗਾ ਜਦੋਂ ਉਨ੍ਹਾਂ ਨੂੰ ਨਗਰ-ਨਿਗਮ ਦੇ ਉਸ ਥਾਂ ‘ਤੇ ਕੁਆਟਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਫਿਲਹਾਲ ਕੰਮ ਜਾਰੀ ਹੈ, ਜਲਦ ਇਸ ‘ਤੇ ਕੋਈ ਫ਼ੈਸਲਾ ਲਿਆ ਜਾਵੇਗਾ।
ਉਧਰ ਦੂਜੇ ਪਾਸੇ ਲੁਧਿਆਣਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਹਿੰਦੂ ਸਿੱਖ ਜਾਗ੍ਰਿਤੀ ਮੰਚ ਦੇ ਪ੍ਰਧਾਨ ਪਰਵੀਨ ਡੰਗ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਨੱਕ ਹੇਠ ਇਹ ਸਾਰੀਆਂ ਗ਼ੈਰਕਾਨੂੰਨੀ ਉਸਾਰੀਆਂ ਹਨ। ਅੱਜ ਤੱਕ ਇਨ੍ਹਾਂ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ ਇਹ ਇਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਚਾਹੇ ਤਾਂ ਇਸ ਬੁੱਢੇ ਨਾਲੇ ਦੀ ਕਾਇਆ-ਕਲਪ ਦੋ ਦਿਨ ‘ਚ ਹੋ ਸਕਦੀ ਹੈ ਪਰ ਨੀਅਤ ਅਤੇ ਮੰਸ਼ਾ ਸਾਫ਼ ਨਹੀਂ ਹੈ। ਉਨ੍ਹਾਂ ਸਿਆਸਤਦਾਨਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਲੁਧਿਆਣੇ ਦਾ ਬੁੱਢਾ ਨਾਲਾ ਪਿੰਡ ਵਲੀਪੁਰ ਜਾ ਕੇ ਸਤਲੁਜ ਦਰਿਆ ‘ਚ ਮਿਲਦਾ ਹੈ ਅਤੇ ਇਹ ਗੰਦਾ ਪਾਣੀ ਪਿੰਡਾਂ ਦੇ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਤਾਂ ਹੋਏ ਪਰ ਅੱਜ ਤੱਕ ਸਾਫ ਨਹੀਂ ਹੋਇਆ। ਸਰਕਾਰ ਨੇ ਕਰੋੜਾਂ ਰੁਪਏ ਦਾ ਬਜਟ ਪਾਸ ਤਾਂ ਕਰ ਦਿੱਤਾ ਹੈ ਪਰ ਇਸ ਦੇ ਸੁੰਦਰੀਕਰਨ ‘ਤੇ ਹੁਣ ਨਵੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
News Credit :jagbani(punjabkesar)