Image Courtesy :jagbani(punjabkesar)

ਜਲੰਧਰ — ਆਪਣੀਆਂ ਹਰਕਤਾਂ ਕਰਕੇ ਵਿਵਾਦਾਂ ‘ਚ ਰਹਿਣ ਵਾਲੇ ਨੀਟੂ ਸ਼ਟਰਾਂਵਾਲਾ ਵੱਲੋਂ ਇਕ ਇੰਟਰਵਿਊ ਦੌਰਾਨ ਗੁਰਬਾਣੀ ਦੀਆਂ ਪੰਕਤੀਆਂ ਦਾ ਗਲਤ ਉਚਾਰਨ ਕੀਤਾ ਗਿਆ ਸੀ। ਨੀਟੂ ਵੱਲੋਂ ਗੁਰਬਾਣੀ ਦੀਆਂ ਪੰਕਤੀਆਂ ਦਾ ਗਲਤ ਉਚਾਰਨ ਕਰਨ ‘ਤੇ ਨਕੋਦਰ ਦੀ ਸਤਿਕਾਰ ਕਮੇਟੀ ਵੱਲੋਂ ਉਸ ਖ਼ਿਲਾਫ਼ ਥਾਣਾ ਨੰਬਰ-8 ‘ਚ ਸ਼ਿਕਾਇਤ ਦਿੱਤੀ ਗਈ ਹੈ ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਨੀਟੂ ਸ਼ਟਰਾਂਵਾਲਾ ਖੁਦ ਦੀ ਟੀ. ਆਰ. ਪੀ. ਵਧਾਉਣ ਲਈ ਅਕਸਰ ਕੋਈ ਨਾ ਕੋਈ ਵਿਵਾਦਿਤ ਗੱਲ ਕਰਦਾ ਹੈ ਪਰ ਗੁਰਬਾਣੀ ਦੀਆਂ ਪੰਕਤੀਆਂ ਦਾ ਗਲਤ ਉਚਾਰਨ ਕਰਨਾ ਸਹਿਣ ਨਹੀਂ ਕੀਤਾ ਜਾਵੇਗਾ।
ਜਿਉਂ ਹੀ ਥਾਣਾ-8 ‘ਚ ਸ਼ਿਕਾਇਤ ਆਈ ਤਾਂ ਪੁਲਸ ਨੀਟੂ ਸ਼ਟਰਾਂਵਾਲਾ ਦੇ ਘਰ ਪਹੁੰਚ ਗਈ। ਨੀਟੂ ਨੂੰ ਜਦੋਂ ਉਸ ਖ਼ਿਲਾਫ਼ ਸ਼ਿਕਾਇਤ ਦਰਜ ਹੋਣ ਬਾਰੇ ਪਤਾ ਲੱਗਾ ਤਾਂ ਉਹ ਆਪਣੀ ਮਾਤਾ, ਪਤਨੀ ਅਤੇ ਬੱਚਿਆਂ ਨੂੰ ਲੈ ਕੇ ਆਟੋ ‘ਚ ਬਹਿ ਕੇ ਥਾਣੇ ਪਹੁੰਚ ਗਿਆ। ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੇ ਨੀਟੂ ਦੀ ਇਸ ਹਰਕਤ ਦੀ ਕਾਫ਼ੀ ਨਿੰਦਾ ਕੀਤੀ। ਨੀਟੂ ਹੱਥ ਜੋੜ ਕੇ ਸ਼ਿਕਾਇਤਕਰਤਾਵਾਂ ਕੋਲੋਂ ਮੁਆਫੀ ਮੰਗਦਾ ਰਿਹਾ ਪਰ ਪਹਿਲਾਂ ਤਾਂ ਉਨ੍ਹਾਂ ਲੋਕਾਂ ਨੇ ਸਖਤ ਐਕਸ਼ਨ ਲੈਣ ਦੀ ਗੱਲ ਕਹੀ।
ਨੀਟੂ ਸ਼ਟਰਾਂਵਾਲਾ ਨੇ ਸ਼ਿਕਾਇਤਕਰਤਾਵਾਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ‘ਚ ਅਜਿਹੀ ਗਲਤੀ ਨਹੀਂ ਕਰੇਗਾ। ਨੀਟੂ ਦੀ ਆਰਥਿਕ ਹਾਲਤ ਨੂੰ ਵੇਖਦੇ ਸ਼ਿਕਾਇਤਕਰਤਾਵਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ‘ਚ ਉਸ ਨੇ ਅਜਿਹੀ ਗਲਤੀ ਕੀਤੀ ਤਾਂ ਉਹ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਥਾਣਾ ਨੰਬਰ-8 ਦੇ ਇੰਚਾਰਜ ਸੁਖਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਪਰ ਨੀਟੂ ਨੇ ਥਾਣੇ ‘ਚ ਹੀ ਸ਼ਿਕਾਇਤਕਰਤਾਵਾਂ ਕੋਲੋਂ ਮੁਆਫੀ ਮੰਗ ਲਈ, ਜਿਸ ‘ਤੇ ਉਨ੍ਹਾਂ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ, ਜਿਸ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦਵਾਈ ਬਣਾਉਣ ਦੀ ਅਫਵਾਹ ਉਡਾਉਣ ‘ਤੇ ਵੀ ਨੀਟੂ ਕਾਨੂੰਨੀ ਸ਼ਿਕੰਜੇ ਵਿਚ ਫਸ ਗਿਆ ਸੀ, ਜਿਸ ਨੂੰ ਕੁਝ ਦਿਨ ਜੇਲ ‘ਚ ਵੀ ਬਿਤਾੳੁਣੇ ਪਏ ਸਨ। ਅਜਿਹੀਆਂ ਹਰਕਤਾਂ ਕਾਰਨ ਨੀਟੂ ਅਕਸਰ ਵਿਵਾਦਾਂ ‘ਚ ਘਿਰਿਆ ਰਹਿੰਦਾ ਹੈ।

News Credit :jagbani(punjabkesar)