Image Courtesy :jagbani(punjabkesar)

ਵਾਸ਼ਿੰਗਟਨ : ਅਮਰੀਕਾ ਦੀ ਇਕ ਅਦਾਲਤ ਨੇ 2008 ਮੁੰਬਈ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਲਈ ਭਾਰਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਡੈਵਿਡ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ 2008 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਸ਼ਾਮਲ ਹੋਣ ਲਈ ਭਾਰਤ ਦੀ ਹਵਾਲਗੀ ਦੀ ਬੇਨਤੀ ‘ਤੇ ਲਾਸ ਏਂਜਲਸ ਵਿਚ 10 ਜੂਨ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਹਮਲੇ ਵਿਚ 6 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ। ਭਾਰਤ ਵਿਚ ਉਹ ਭਗੌੜਾ ਅਪਰਾਧੀ ਘੋਸ਼ਿਤ ਹੈ।
ਲਾਸ ਏਂਜਲਸ ਵਿਚ ਅਮਰੀਕੀ ਡਿਸਟਰਿਕਟ ਕੋਰਟ ਦੀ ਜੱਜ ਜੈਕਲੀਨ ਚੂਲਜਿਆਨ ਨੇ 21 ਜੁਲਾਈ ਨੂੰ ਆਪਣੇ 24 ਪੰਨਿਆਂ ਦੇ ਹੁਕਮ ਵਿਚ ਰਾਣਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਦੇ ਫਰਾਰ ਹੋਣ ਦਾ ਖ਼ਤਰਾ ਹੈ। ਅਮਰੀਕਾ ਸਰਕਾਰ ਨੇ ਇਹ ਦਲੀਲ ਦਿੰਦੇ ਹੋਏ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਣ ਦਾ ਵਿਰੋਧ ਕੀਤਾ ਕਿ ਜੇਕਰ ਉਹ ਕੈਨੇਡਾ ਦੌੜ ਜਾਂਦਾ ਹੈ ਤਾਂ ਉਸ ਦੇ ਭਾਰਤ ਵਿਚ ਮੌਤ ਦੀ ਸਜ਼ਾ ਤੋਂ ਬਚਣ ਦਾ ਖ਼ਦਸ਼ਾ ਹੈ।
ਅਮਰੀਕਾ ਦੇ ਸਹਾਇਕ ਅਟਾਰਨੀ ਜਾਨ ਜੇ ਲੁਲੇਜਿਆਨ ਨੇ ਅਦਾਲਤ ਵਿਚ ਕਿਹਾ, ‘ਕਿਸੇ ਵੀ ਮੁਚੱਲਕੇ ‘ਤੇ ਜ਼ਮਾਨਤ ਦੇਣ ਨਾਲ ਅਦਾਲਤ ਵਿਚ ਰਾਣਾ ਦੀ ਹਾਜ਼ਰੀ ਯਕੀਨੀ ਨਹੀਂ ਕੀਤੀ ਜਾ ਸਕੇਗੀ। ਉਸ ਨੂੰ ਜ਼ਮਾਨਤ ਦੇਣ ਨਾਲ ਅਮਰੀਕਾ ਨੂੰ ਆਪਣੇ ਵਿਦੇਸ਼ ਮਾਮਲਿਆਂ ਵਿਚ ਸ਼ਰਮਿੰਦਾ ਹੋਣਾ ਪੈ ਸਕਦਾ ਹੈ ਅਤੇ ਉਸ ਦੇ ਭਾਰਤ ਨਾਲ ਰਿਸ਼ਤੇ ਤਣਾਅਪੂਰਨ ਹੋ ਸਕਦੇ ਹਨ। ਉਥੇ ਹੀ ਰਾਣੇ ਦੇ ਵਕੀਲ ਨੇ ਕਿਹਾ ਕਿ 26/11 ਦੇ ਦੋਸ਼ੀ ਦੇ ਫ਼ਰਾਰ ਹੋਣ ਦਾ ਖ਼ਤਰਾ ਨਹੀਂ ਹੈ ਅਤੇ ਉਨ੍ਹਾਂ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਣ ਲਈ 15 ਲੱਖ ਡਾਲਰ ਦਾ ਮੁਚੱਲਕਾ ਭਰਨ ਦਾ ਪ੍ਰਸਤਾਵ ਰੱਖਿਆ। ਰਾਣਾ ਨੇ ਆਪਣੇ ਬਚਾਅ ਵਿਚ ਕਿਹਾ ਕਿ ਅਮਰੀਕਾ ਦਾ ਸਾਥੀ-ਦੋਸ਼ੀ ਹੇਡਲੀ ਨੂੰ ਭਾਰਤ ਹਵਾਲਗੀ ਨਾ ਕਰਣ ਦਾ ਫ਼ੈਸਲਾ ਅਨੁਚਿਤ ਹੈ ਅਤੇ ਇਹ ਉਸ ਦੀ ਹਵਾਲਗੀ ‘ਤੇ ਰੋਕ ਲਗਾਉਂਦਾ ਹੈ।
ਪਾਕਿਸਤਾਨ ਵਿਚ ਜੰਮੇ ਰਾਣਾ ਨੇ ਉੱਥੋਂ ਦੇ ਆਰਮੀ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਪਾਕਿਸਤਾਨੀ ਫੌਜ ਵਿਚ ਡਾਕਟਰ ਦੇ ਤੌਰ ‘ਤੇ ਕੰਮ ਕੀਤਾ। ਉਹ ਹੁਣ ਕੈਨੇਡੀਅਨ ਨਾਗਰਿਕ ਹੈ ਪਰ ਉਹ ਸ਼ਿਕਾਗੋ ਵਿਚ ਰਹਿੰਦਾ ਸੀ, ਜਿੱਥੇ ਉਸ ਦਾ ਕਾਰੋਬਾਰ ਸੀ। ਅਦਾਲਤ ਦੇ ਦਸਤਾਵੇਜਾਂ ਅਨੁਸਾਰ ਉਹ ਕੈਨੇਡਾ, ਪਾਕਿਸਤਾਨ, ਜਰਮਨੀ ਅਤੇ ਇੰਗਲੈਂਡ ਵਿਚ ਵੀ ਰਹਿੰਦਾ ਹੈ ਅਤੇ ਉੱਥੋਂ ਦੀ ਯਾਤਰਾ ਕਰਦਾ ਰਹਿੰਦਾ ਹੈ ਅਤੇ 7 ਭਾਸ਼ਾਵਾਂ ਬੋਲਦਾ ਹੈ।
ਸੰਘੀ ਵਕੀਲਾਂ ਨੇ ਕਿਹਾ ਕਿ ਜੇਕਰ ਉਹ ਕੈਨੇਡਾ ਦੌੜ ਜਾਂਦਾ ਹੈ ਤਾਂ ਉਹ ਮੌਤ ਦੀ ਸਜ਼ਾ ਤੋਂ ਬੱਚ ਸਕਦਾ ਹੈ। ਦਰਅਸਲ ਭਾਰਤ ਨਾਲ ਕੈਨੇਡਾ ਦੀ ਹਵਾਲਗੀ ਸੰਧੀ ਵਿਚ ਅਜਿਹੀ ਵਿਵਸਥਾ ਹੈ ਕਿ ਭਾਰਤ ਵਿਚ ਜਿਸ ਦੋਸ਼ ਲਈ ਹਵਾਲਗੀ ਦੀ ਮੰਗ ਕੀਤੀ ਗਈ ਹੈ, ਜੇਕਰ ਉਸ ਵਿਚ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਕੈਨੇਡਾ ਵਿਚ ਉਸ ਦੇ ਲਈ ਮੌਤ ਦੀ ਸਜ਼ਾ ਨਹੀਂ ਹੈ ਤਾਂ ਹਵਾਲਗੀ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਦਾਲਤ ਦੇ ਦਸਤਾਵੇਜਾਂ ਅਨੁਸਾਰ ਰਾਣਾ 28 ਅਪ੍ਰੈਲ 2020 ਨੂੰ ਲਾਸ ਏਂਜਲਸ ਵਿਚ ਟਰਮੀਨਲ ਆਇਲੈਂਡ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਪਰ ਉਸ ਵਿਚ ਲੱਛਣ ਨਹੀਂ ਸਨ ਅਤੇ ਹੁਣ ਉਹ ਠੀਕ ਹੈ।
ਸੰਘੀ ਵਕੀਲਾਂ ਮੁਤਾਬਕ 2006 ਤੋਂ ਨਵੰਬਰ 2008 ਦਰਮਿਆਨ ਰਾਣਾ ਨੇ ‘ਦਾਉਦ ਗਿਲਾਨੀ’ ਦੇ ਨਾਮ ਨਾਲ ਪਛਾਣੇ ਜਾਣ ਵਾਲੇ ਹੇਡਲੀ ਅਤੇ ਪਾਕਿਸਤਾਨ ਵਿਚ ਕੁੱਝ ਹੋਰ ਦੇ ਨਾਲ ਮਿਲ ਕੇ ਲਸ਼ਕਰ-ਏ-ਤੋਇਬਾ ਅਤੇ ਹਰਕੱਤ-ਉਲ-ਜਿਹਾਦ-ਏ-ਇਸਲਾਮੀ ਨੂੰ ਮੁੰਬਈ ਵਿਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ। ਪਾਕਿਸਤਾਨੀ-ਅਮਰੀਕੀ ਹੇਡਲੀ ਲਸ਼ਕਰ ਦਾ ਅੱਤਵਾਦੀ ਹੈ। ਉਹ 2008 ਦੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਿਆ ਹੈ। ਉਹ ਹਮਲੇ ਵਿਚ ਭੂਮਿਕਾ ਲਈ ਅਮਰੀਕਾ ਵਿਚ 35 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।
News Credit :jagbani(punjabkesar)