Image Courtesy :jagbani(punjabkesar)

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਸਬ ਇੰਸਪੈਕਟਰ ਨੇ ਇੱਥੇ ਲੋਧੀ ਐਸਟੇਟ ਇਲਾਕੇ ‘ਚ ਆਪਣੇ ਸੀਨੀਅਰ ਕਰਮੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਲੋਧ ਐਸਟੇਟ ‘ਚ ਗ੍ਰਹਿ ਮੰਤਰਾਲੇ ਨੂੰ ਅਲਾਟ ਕੀਤੇ ਗਏ ਇਕ ਬੰਗਲੇ ‘ਚ ਸ਼ੁੱਕਰਵਾਰ ਰਾਤ ਕਰੀਬ 10.30 ਵਜੇ ਇਹ ਘਟਨਾ ਹੋਈ। ਉਨ੍ਹਾਂ ਨੇ ਦੱਸਿਆ ਕਿ ਸਬ ਇੰਸਪੈਕਟਰ ਕਰਨੈਲ ਸਿੰਘ (55) ਅਤੇ ਉਸ ਦੇ ਸੀਨੀਅਰ, ਇੰਸਪੈਕਟਰ ਦਸ਼ਰਥ ਸਿੰਘ (56) ਦਰਮਿਆਨ ਕਿਸ ਗੱਲ ‘ਤੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਕਰਨੈਲ ਨੇ ਆਪਣੇ ਸਰਕਾਰੀ ਹਥਿਆਰ ਨਾਲ ਦਸ਼ਰਥ ਦੀ ਕਥਿਤ ਰੂਪ ਨਾਲ ਹੱਤਿਆ ਕਰ ਦਿੱਤੀ ਅਤੇ ਬਾਅਦ ‘ਚ ਖ਼ੁਦਕੁਸ਼ੀ ਕਰ ਲਈ।
ਕਰਨੈਲ ਅਤੇ ਦਸ਼ਰਥ ਦੋਹਾਂ ਫੋਰਸਾਂ ਦੀ 112ਵੀਂ ਬਟਾਲੀਅਨ ਦੇ ਕਰਮੀ ਸਨ। ਸੀ.ਆਰ.ਪੀ.ਐੱਫ. ਬੁਲਾਰੇ ਡਿਪਟੀ ਇੰਸਪੈਕਟਰ ਜਨਰਲ ਮੋਸੇਸ ਦਿਨਾਕਰਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ 61, ਲੋਧੀ ਐਸਟੇਟ ‘ਚ ਅਚਾਨਕ ਇਹ ਘਟਨਾ ਹੋਈ ਅਤੇ ਸਬ ਇੰਸਪੈਕਟਰ ਨੇ ਉਸ ਸਮੇਂ ਗੁੱਸੇ ‘ਚ ਗੋਲੀ ਚਲਾਈ। ਬੁਲਾਰੇ ਨੇ ਦੱਸਿਆ ਕਿ ਮਾਮਲੇ ‘ਚ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਕਰਨੈਲ ਜੰਮੂ-ਕਸ਼ਮੀਰ ਦੇ ਊਧਮਪੁਰ ਦਾ ਰਹਿਣ ਵਾਲਾ ਸੀ, ਜਦੋਂ ਕਿ ਇੰਸਪੈਕਟਰ ਹਰਿਆਣਾ ਦੇ ਰੋਹਤਕ ਦਾ ਵਾਸੀ ਸੀ। ਨੀਮ ਫੌਜੀ ਫੋਰਸ ਅਤੇ ਸਥਾਨਕ ਪੁਲਸ ਦੇ ਸੀਨੀਅਰ ਅਧਿਕਾਰੀ ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਪਿੱਛੇ ਦਾ ਕਾਰਨ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
News Credit :jagbani(punjabkesar)