Image Courtesy :jagbani(punjabkesar)

ਜਲਾਲਾਬਾਦ : ਸ਼ਹਿਰ ਦੀ ਇੰਦਰ ਨਗਰੀ ਨਾਲ ਸਬੰਧਤ 65 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਥੇ ਦੱਸ ਦੇਈਏ ਉਕਤ ਵਿਅਕਤੀ ਬਿਮਾਰ ਚੱਲ ਰਿਹਾ ਸੀ ਅਤੇ ਮੈਕਸ ‘ਚ ਇਲਾਜ ਦੌਰਾਨ ਉਕਤ ਵਿਅਕਤੀ ਦਾ ਟੈਸਟ ਹੋਇਆ ਸੀ। ਜਿਸ ਤੋਂ ਬਾਅਦ ਉਸਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਇਲਾਕੇ ਅੰਦਰ 3 ਵੱਖ-ਵੱਖ ਪਿੰਡਾਂ ਪੀਰ ਬਖਸ਼ ਚੌਹਾਨ, ਸਿਮਰੇਵਾਲਾ ਤੇ ਜੰਡਵਾਲਾ ਭੀਮੇਸ਼ਾਹ ਨਾਲ ਸਬੰਧਤ ਤਿੰਨ ਲੋਕ ਜਿੰਨ੍ਹਾਂ ‘ਚ ਇਕ ਔਰਤ ਵੀ ਸ਼ਾਮਲ ਹੈ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਜ਼ਿਲ੍ਹੇ ‘ਚ ਐਤਵਾਰ ਨੂੰ 25 ਕੇਸ ਨਵੇਂ ਸਾਹਮਣੇ ਆਏ ਹਨ।
ਇਹ ਜਾਣਕਾਰੀ ਜ਼ਿਲ੍ਹਾ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦਿੱਤੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਕੁੱਲ 95 ਮਾਮਲੇ ਸਰਗਰਮ ਹੋ ਚੁੱਕੇ ਹਨ ਜਿਨ੍ਹਾਂ ‘ਚ 25 ਮਾਮਲੇ ਨਵੇਂ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜਲਾਲਾਬਾਦ ਨਾਲ ਸਬੰਧਤ ਇਕ ਔਰਤ ਸਮੇਤ ਤਿੰਨ ਲੋਕ ਕੋਰੋਨਾ ਪਾਜ਼ੇਟਿਵ ਆਏ ਸਨ, ਉਨ੍ਹਾਂ ਨਾਲ ਸੰਪਰਕ ‘ਚ 175 ਦੇ ਕਰੀਬ ਲੋਕ ਆਏ ਸਨ ਜਿਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਨਵੇਂ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਨਾਲ ਸੰਪਰਕ ‘ਚ ਆਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਜਾਵੇਗਾ।
News Credit :jagbani(punjabkesar)