Image Courtesy :jagbani(punjabkesar)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ‘ਚ ਅਪਰਾਧ ਦੀਆਂ ਕੁਝ ਹਾਲੀਆਂ ਘਟਨਾਵਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਕਾਨੂੰਨ-ਵਿਵਸਥਾ ਠੀਕ ਕਰਨ, ਕਿਉਂਕਿ ਜਨਤਾ ਪਰੇਸ਼ਾਨ ਹੈ। ਪ੍ਰਿਯੰਕਾ ਨੇ ਪ੍ਰਦੇਸ਼ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਨ ਦਾ ਦਾਅਵਾ ਕਰਦੇ ਹੋਏ ਇਹ ਵੀ ਕਿਹਾ ਕਿ ਅਪਰਾਧਕ ਘਟਨਾਵਾਂ ‘ਚ ਸਖਤੀ ਨਾਲ ਕਾਰਵਾਈ ਯਕੀਨੀ ਕਰਨ ਦੀ ਲੋੜ ਹੈ। ਚਿੱਠੀ ‘ਚ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ,”ਕਾਨਪੁਰ, ਗੋਂਡਾ, ਗੋਰਖਪੁਰ ਦੀਆਂ ਘਟਨਾਵਾਂ ਤੁਹਾਡੇ ਨੋਟਿਸ ‘ਚ ਹੋਣਗੀਆਂ। ਮੈਂ ਗਾਜ਼ੀਆਬਾਦ ਦੇ ਇਕ ਪਰਿਵਾਰ ਵੱਲ ਆਪਣਾ ਧਿਆਨ ਆਕਰਸ਼ਿਤ ਕਰਨਾ ਚਾਹੁੰਦੀ ਹਾਂ। ਮੇਰੀ ਇਸ ਪਰਿਵਾਰ ਨਾਲ ਗੱਲ ਹੋਈ ਹੈ।”
ਉਨ੍ਹਾਂ ਨੇ ਕਿਹਾ,”ਗਾਜ਼ੀਆਬਾਦ ਦੇ ਵਪਾਰੀ ਵਿਕਰਮ ਤਿਆਗੀ ਲਗਭਗ ਇਕ ਮਹੀਨੇ ਤੋਂ ਗੁੰਮਸ਼ੁਦਾ ਹਨ। ਪਰਿਵਾਰ ਦਾ ਸ਼ੱਕ ਹੈ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ। ਵਾਰ-ਵਾਰ ਅਪੀਲ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਹੈ। 2 ਦਿਨ ਪਹਿਲਾਂ ਸਾਡੀ ਪਾਰਟੀ ਦਾ ਇਕ ਵਫ਼ਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲਿਆ ਸੀ। ਉਹ ਬਹੁਤ ਹੀ ਪਰੇਸ਼ਾਨ ਹਨ।” ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਪੁਲਸ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ਿਤ ਕਰਨ ਕਿ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ,”ਉੱਤਰ ਪ੍ਰਦੇਸ਼ ‘ਚ ਅਗਵਾ ਕਰਨ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਕਾਨੂੰਨ-ਵਿਵਸਥਾ ਵਿਗੜਦੀ ਜਾ ਰਹੀ ਹੈ। ਇਸ ਸਮੇਂ ਇਨ੍ਹਾਂ ਮਾਮਲਿਆਂ ਦੇ ਪ੍ਰਤੀ ਪੁਲਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਪੂਰੀ ਮੁਸਤੈਦੀ ਨਾਲ ਕਾਰਵਾਈ ਕਰਨ।” ਪ੍ਰਿਯੰਕਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ,”ਪ੍ਰਦੇਸ਼ ਦੀ ਕਾਨੂੰਨ-ਵਿਵਸਥਾ ਠੀਕ ਕਰਨ। ਜਨਤਾ ਪਰੇਸ਼ਾਨ ਹੈ।”
News Credit :jagbani(punjabkesar)