Image Courtesy :jagbani(punjabkesar)

ਚੰਡੀਗੜ੍ਹ : ਬਠਿੰਡਾ ਵਿਖੇ ਨਵਾਂ ਸਥਾਪਿਤ ਏਮਜ਼ ਆਉਂਦੇ ਦੋ ਹਫਤਿਆਂ ਦੇ ਅੰਦਰ ਪ੍ਰਤੀ ਦਿਨ 180 ਕੋਵਿਡ ਟੈਸਟਿੰਗ ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ ਜਿਹੜੀ ਇਕ ਮਹੀਨੇ ਦੇ ਅੰਦਰ 500 ਟੈਸਟ ਪ੍ਰਤੀ ਦਿਨ ਤੱਕ ਵਧਾਈ ਜਾਵੇਗੀ। ਹਸਪਤਾਲ ‘ਚ ਅਗਲੇ ਇਕ ਮਹੀਨੇ ਦੇ ਅੰਦਰ 30 ਬਿਸਤਰਿਆਂ ਵਾਲੀ ਲੈਵਲ-2 ਕੋਵਿਡ ਸੰਭਾਲ ਸੁਵਿਧਾ ਛੇਤੀ ਹੀ ਸ਼ੁਰੂ ਹੋਵੇਗੀ। ਹਸਪਤਾਲ ‘ਚ ਮੌਜੂਦਾ ਸਮੇਂ ਮਰੀਜ਼ਾਂ ਲਈ ਓ. ਪੀ. ਡੀ. ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ‘ਚ ਵੱਡੀ ਗਿਣਤੀ ਕੈਂਸਰ ਦੇ ਮਰੀਜ਼ਾਂ ਦੀ ਹੈ। ਇਹ ਖੁਲਾਸਾ ਸਰਕਾਰੀ ਬੁਲਾਰੇ ਵਲੋਂ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਤੇ ਸੀ. ਈ. ਓ. ਦਿਨੇਸ਼ ਕੁਮਾਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਕੋਵਿਡ ਸਬੰਧੀ ਹਸਪਤਾਲ ਦੀਆਂ ਤਿਆਰੀਆਂ ਅਤੇ ਹੋਰ ਸਬੰਧਤ ਮਾਮਲਿਆਂ ਦੀ ਸਮੀਖਿਆ ਕਰਨ ਲਈ ਸੱਦੀ ਮੀਟਿੰਗ ਉਪਰੰਤ ਕੀਤਾ ਗਿਆ ਹੈ।
ਮਾਲਵਾ ਪੱਟੀ ਦੇ ਮਰੀਜ਼ਾਂ ਲਈ ਫਾਇਦੇਮੰਦ
ਇਸ ਹਸਪਤਾਲ ਨੂੰ ਪੰਜਾਬ ਦੀ ਬਹੁਤ ਹੀ ਮਹੱਤਵਪੂਰਨ ਸਿਹਤ ਸੰਸਥਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਜ਼ ਵੱਡੀ ਗਿਣਤੀ ਵਿਚ ਮਾਲਵਾ ਪੱਟੀ ਦੇ ਮਰੀਜ਼ਾਂ ਲਈ ਫਾਇਦੇਮੰਦ ਸਿੱਧ ਹੋਵੇਗਾ। ਮੁੱਖ ਮੰਤਰੀ ਨੇ ਏਮਜ਼ ਟੀਮ ਨੂੰ ਸੂਬਾ ਸਰਕਾਰ ਵਲੋਂ ਕੋਵਿਡ ਸੰਭਾਲ ਸਬੰਧੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਿੱਥੇ ਕਿ ਮਹਾਮਾਰੀ ਕਾਰਨ ਉਸਾਰੀ ਅਤੇ ਹੋਰ ਕੰਮਾਂ ਵਿਚ ਦੇਰੀ ਹੋ ਗਈ ਹੈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਹਸਤਪਾਲ ਵਲੋਂ ਜਲਦ ਹੀ ਐੱਮ. ਆਰ. ਆਈ., ਸੀ. ਟੀ. ਸਕੈਨ ਅਤੇ ਐਕਸ ਰੇਅ ਸਹੂਲਤਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਦੋਂ ਕਿ ਐੱਮ. ਬੀ. ਬੀ.ਐੱਸ. ਕਾਲਜ–2019 ਬੈਚ ਵੀ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਏ 179 ਏਕੜ ਰਕਬੇ ਵਿਚ ਫੈਲੇ ਇਸ ਸੰਸਥਾਨ ਵਿਚ ਤਬਦੀਲ ਕੀਤਾ ਜਾਵੇਗਾ। 925 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ‘ਤੇ ਹੁਣ ਤੱਕ 325 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਕੋਵਿਡ ਕੇਸ ਵਧਣ ‘ਤੇ ਜ਼ਿਲਾ ਪੱਧਰ ‘ਤੇ ਤਾਲਮੇਲ ਲਈ ਸਪੈਸ਼ਲ ਆਈ. ਏ. ਐੱਸ. ਅਧਿਕਾਰੀ ਨਿਯੁਕਤ
ਸੂਬੇ ਵਿਚ ਕੋਵਿਡ ਦੇ ਕੇਸਾਂ ਦੀ ਵਧ ਰਹੀ ਗਿਣਤੀ ਦਰਮਿਆਨ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਅਤੇ ਪਟਿਆਲਾ ਵਿਚ ਦੋ ਨੌਜਵਾਨ ਆਈ.ਏ.ਐੱਸ. ਅਧਿਕਾਰੀਆਂ ਨੂੰ ਨੋਡਲ ਅਫ਼ਸਰਾਂ ਵਜੋਂ ਨਿਯੁਕਤ ਕੀਤਾ ਹੈ। ਅੰਮ੍ਰਿਤਸਰ ਅਤੇ ਪਟਿਆਲਾ, ਜਿਥੇ ਦੂਜੇ ਜ਼ਿਲਿਆਂ ਦੇ ਮੁਕਾਬਲੇ ਕੋਵਿਡ ਕੇਸਾਂ ਦੀ ਗਿਣਤੀ ਜ਼ਿਆਦਾ ਹੈ, ਇਨ੍ਹਾਂ ਨੋਡਲ ਅਫ਼ਸਰਾਂ ਨੂੰ ਸਬੰਧਤ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੋਵਿਡ ਕੇਅਰ ਦੇ ਇੰਚਾਰਜ ਦੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ। ਮੁੱਖ ਸਕੱਤਰ ਵਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਸਾਲ-2012 ਬੈਚ ਦੀ ਆਈ.ਏ.ਐੱਸ. ਅਧਿਕਾਰੀ ਸੁਰਭੀ ਮਲਿਕ ਨੂੰ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਕੋਵਿਡ ਕੇਅਰ ਦੀ ਕਮਾਨ ਸੌਂਪੀ ਗਈ ਹੈ ਜਦਕਿ ਸਾਲ-2014 ਬੈਚ ਦੇ ਹਿਮਾਂਸ਼ੂ ਅਗਰਵਾਲ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਕੋਵਿਡ ਕੇਅਰ ਦਾ ਜ਼ਿੰਮਾ ਸੌਂਪਿਆ ਗਿਆ ਹੈ। ਦੋਵੇਂ ਨੌਜਵਾਨ ਆਈ.ਏ.ਐੱਸ. ਅਫ਼ਸਰਾਂ ਨੂੰ ਸਬੰਧਤ ਜ਼ਿਲੇ ਵਿਚ ਤੀਜੇ ਦਰਜੇ (ਟਰਸ਼ਰੀ) ਦੇ ਕੋਵਿਡ ਹਸਪਤਾਲਾਂ ਦੇ ਇੰਚਾਰਜ ਦੇ ਨਾਲ-ਨਾਲ ਮੈਡੀਕਲ ਸਿੱਖਿਆ ਤੇ ਖੋਜ ਦੇ ਗੈਰ-ਸਰਕਾਰੀ ਵਧੀਕ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵੱਖਰੇ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੂੰ ਨੋਡਲ ਅਫ਼ਸਰ ਨਿਯੁਕਤ ਕਰਕੇ ਜ਼ਿਲੇ ਵਿਚ ਮਰੀਜ਼ ਦੇ ਪਾਜ਼ੇਟਿਵ ਆਉਣ ਤੋਂ ਲੈ ਕੇ ਇਲਾਜ/ਮੌਤ ਤੱਕ ਕੋਵਿਡ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਲਈ ਤਾਲਮੇਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਮੁੱਖ ਸਕੱਤਰ ਮੁਤਾਬਕ ਇਨ੍ਹਾਂ ਅਧਿਕਾਰੀਆਂ ਦੇ ਕੰਮਕਾਜ ਨਾਲ ਕੋਵਿਡ ਕੇਅਰ ਸੈਂਟਰ, ਅਲਹਿਦਗੀ ਕੇਂਦਰ, ਇਕਾਂਤਵਾਸ ਦੀਆਂ ਸੁਵਿਧਾਵਾਂ, ਐਬੂਲੈਂਸ ਸੇਵਾਵਾਂ ਸਮੇਤ ਹਸਪਤਾਲਾਂ ਅਤੇ ਸੰਸਥਾਵਾਂ ਦੀਆਂ ਕੋਵਿਡ ਨਾਲ ਸਬੰਧਤ ਸਾਰੀਆਂ ਲੋੜਾਂ ਲਈ ਤਾਲਮੇਲ ਤੇ ਨਿਗਰਾਨੀ ਦਾ ਕੰਮ ਇਕ ਹੱਥ ਹੋ ਜਾਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੋਰੋਨਾ ਸੰਕਟ ਨਾਲ ਨਿਪਟਣ ਦੀ ਪ੍ਰਕਿਰਿਆ ਹੋਰ ਸੁਚਾਰੂ ਤੇ ਸੁਖਾਲੀ ਹੋ ਜਾਵੇਗੀ।

News Credit :jagbani(punjabkesar)