ਮੁੰਬਈ – ਹਿੰਦੀ ਸਿਨੇਮਾ ਦੀਆਂ ਬਹੁਤ ਘੱਟ ਅਦਾਕਾਰਾਂ ਹਨ ਜੋ ਕਿਸੇ ਵੀ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕਰਦੀਆਂ ਹੋਣ ਜਾਂ ਆਪਣੇ ਬੋਲਡ ਸੁਭਾਅ ਲਈ ਜਾਣੀਆਂ ਜਾਂਦੀਆਂ ਹੋਣ। ਅਸੀਂ ਤੁਹਾਨੂੰ ਬੌਲੀਵੁਡ ਦੀਆਂ ਅਜਿਹੀਆਂ ਹੀ ਹਸੀਨਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਹਮੇਸ਼ਾ ਹਰ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ ਭਾਵੇਂ ਉਹ ਮੁੱਦਾ ਸਿਆਸੀ ਹੋਵੇ ਜਾਂ ਆਮ।
ਤਨੂੰਸ਼੍ਰੀ ਦੱਤਾ – ਤਨੂੰਸ਼੍ਰੀ ਦੱਤਾ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ ‘ਤੇ ਕੁੱਟ-ਮਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ। ਉਸ ਨੇ ਬੌਲੀਵੁਡ ‘ਚ ਮੀ-ਟੂ ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਬਾਅਦ ‘ਚ ਇਸ ਮੁਹਿੰਮ ਨੇ ਜ਼ੋਰ ਫ਼ੜ੍ਹ ਲਿਆ।
ਕੰਗਨਾ ਰਣੌਤ – ਕੰਗਨਾ ਰਣੌਤ ਹਰ ਵਿਸ਼ੇ ‘ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਅਤੇ ਕਿਸੇ ਹੋਰ ਅਦਾਕਾਰਾ ਨੇ ਉਸ ਵਰਗੀ ਹਿੰਮਤ ਨਹੀਂ ਵਿਖਾਈ। ਕੰਗਨਾ ਨੂੰ ਬੌਲੀਵੁਡ ਕੁਈਨ ਵੀ ਕਿਹਾ ਜਾਂਦਾ ਹੈ। ਨਾ ਸਿਰਫ਼ ਆਪਣੀਆਂ ਫ਼ਿਲਮਾਂ ਕਰ ਕੇ ਸਗੋਂ ਇਸ ਲਈ ਵੀ ਕਿਉਂਕਿ ਉਹ ਆਪਣੇ ਬਿਆਨਾਂ ‘ਤੇ ਆਵਾਜ਼ ਬੁਲੰਦ ਰੱਖਦੀ ਹੈ। ਹਾਲ ਹੀ ‘ਚ ਕੰਗਨਾ ਨੇ ਬੌਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ ‘ਚ ਬੀ-ਟਾਊਨ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਸਿੱਧੇ ਤੌਰ ‘ਤੇ ਬੌਲੀਵੁਡ ਮਾਫ਼ੀਆ ਖਿਲਾਫ਼ ਕਈ ਗੰਭੀਰ ਦੋਸ਼ ਲਾਏ।
ਪ੍ਰਿਯੰਕਾ ਚੋਪੜਾ – ਬੌਲੀਵੁਡ ਅਤੇ ਹੌਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦੇਸ਼-ਵਿਦੇਸ਼ ‘ਚ ਨਾਂ ਕਮਾਇਆ ਹੈ। ਉਹ ਖੁੱਲ੍ਹ ਕੇ ਜਿਊਣ ਅਤੇ ਸੁਤੰਤਰਤਾ ਨਾਲ ਬੋਲਣ ‘ਚ ਵਿਸ਼ਵਾਸ ਰੱਖਦੀ ਹੈ। ਉਸ ਦੇ ਇਸ ਸੁਭਾਅ ਕਾਰਨ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਉਸ ਨੇ ਪਹਿਲਾਂ ਫ਼ਿਲਮ ਸਾਈਨ ਕਰ ਲਈ ਅਤੇ ਬਾਅਦ ‘ਚ ਕਿਸੇ ਬਹਾਨੇ ਨਿਰਦੇਸ਼ਕ ਉਸ ਤੋਂ ਫ਼ਿਲਮਾਂ ਵਾਪਿਸ ਲੈ ਲੈਂਦੇ ਸਨ।
ਟਿਸਕਾ ਚੋਪੜਾ – ਅਦਾਕਾਰਾ ਟਿਸਕਾ ਚੋਪੜਾ ਨੇ ਵੀ ਹਰ ਕਿਸੇ ਨੂੰ ਆਪਣੇ ਸਪਸ਼ਟ ਅਤੇ ਖੁੱਲ੍ਹੇ ਵਿਚਾਰਾਂ ਨਾਲ ਜਾਣੂ ਕਰਵਾਇਆ। ਟਿਸਕਾ ਨੇ ਇੱਕ ਵਾਰ ਖ਼ੁਲਾਸਾ ਕੀਤਾ ਕਿ ਇੱਕ ਮਸ਼ਹੂਰ ਫ਼ਿਲਮ ਨਿਰਮਾਤਾ ਨੇ ਉਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਹ ਆਪਣਾ ਬਚਾਅ ਕਰਨ ‘ਚ ਸਫ਼ਲ ਰਹੀ।
ਪਾਇਲ ਰੋਹਤਗੀ – ਬੌਲੀਵੁਡ ਅਦਾਕਾਰਾ ਪਾਇਲ ਰੋਹਤਗੀ ਸੋਸ਼ਲ ਮੀਡੀਆ ਰਾਹੀਂ ਗ਼ਲਤ ਚੀਜ਼ਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੀ ਵੇਖੀ ਗਈ ਹੈ। ਉਹ ਹਮੇਸ਼ਾ ਹੀ ਹਰ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕਰਨ ‘ਚ ਵਿਸ਼ਵਾਸ ਰੱਖਦੀ ਹੈ।