ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ, The Devil has all the best tunes ਜਿਸ ਦਾ ਸ਼ਾਬਦਿਕ ਅਰਥ ਹੈ ਸ਼ੈਤਾਨ ਕੋਲ ਸਾਰੀਆਂ ਬਿਹਤਰੀਨ ਧੁਨਾਂ ਹਨ। ਖ਼ੈਰ ਮੇਰੇ ਖ਼ਿਆਲ ਵਿੱਚ ਇਸ ਅਖਾਣ ਨੂੰ ਲੈ ਕੇ ਬਹਿਸ ਕੀਤੀ ਜਾ ਸਕਦੀ ਹੈ। ਜ਼ਰਾ ਉਸ ਰਸ ਭਿੰਨੇ ਕੀਰਤਨ, ਉਨ੍ਹਾਂ ਨਾਤ੍ਹਾਂ, ਭਜਨਾਂ, ਭੇਂਟਾਂ, ਕਵਾਲੀਆਂ, ਆਦਿ ਬਾਰੇ ਸੋਚੋ ਜਿਹੜੇ ਸਭ ਧਾਰਮਿਕ ਲੋਕ ਗਾਉਂਦੇ-ਵਜਾਉਂਦੇ ਨੇ। ਸੋ, ਸ਼ਾਇਦ, ਅਸੀਂ ਸ਼ੈਤਾਨ ਨੂੰ ਕੁਝ ਜ਼ਿਆਦਾ ਹੀ ਮਹੱਤਵ ਦਿੰਦੇ ਹਾਂ। ਸ਼ਾਇਦ ਉਹ ਵਿਸਥਾਰ ਵਿੱਚ ਵੀ ਨਹੀਂ ਛੁੱਪਿਆ ਹੋਇਆ ਅਤੇ ਨਾ ਹੀ ਜਦੋਂ ਅਸੀਂ ਉਸ ਨੂੰ ਬੁਲਾਵਾਂਗੇ ਉਹ ਹਾਜ਼ਿਰ ਹੋ ਜਾਏਗਾ। ਵੈਸੇ ਜੇ ਸੋਚਣ ‘ਤੇ ਆਈਏ ਤਾਂ, ਕੀ ਅਸੀਂ ਪੱਕੇ ਤੌਰ ‘ਤੇ ਇਹ ਕਹਿ ਸਕਦੇ ਹਾਂ ਕਿ ਵਿਹਲਾ ਮਨ ਵਾਕਈ ਸ਼ਤਾਨ ਦਾ ਘਰ ਹੁੰਦੈ? ਭੈੜੀਆਂ ਹਸਤੀਆਂ ਜਾਂ ਚੀਜ਼ਾਂ ਨੂੰ ਜਿੰਨੀਆਂ ਉਹ ਹਨ ਉਸ ਤੋਂ ਵੱਧ ਤਾਕਤਵਰ ਸਮਝਣ ਦੀ ਆਦਤ ਛੱਡੋ। ਦੋਸ਼ ਕਿਸੇ ਹੋਰ ਦੇ ਸਿਰ ਨਾ ਮੜ੍ਹੋ, ਭਾਵੇਂ ਉਹ ਕਿੰਨੇ ਵੀ ਲੁਭਾਉਣੇ ਬਲੀ ਦੇ ਬੱਕਰੇ ਕਿਉਂ ਨਾ ਜਾਪਣ। ਨੁਕਸ ਲੱਭਣ ਦੀ ਆਪਣੀ ਤੀਬਰ ਇੱਛਾ ਦਾ ਮੁਕਾਬਲਾ ਕਰੋ, ਅਤੇ ਨੁਕਸ ਵੀ ਤੁਹਾਨੂੰ ਢੂੰਡਣ ਦੀ ਤਾਂਘ ਘੱਟ ਮਹਿਸੂਸ ਕਰਨਗੇ।

ਇੱਕ ਮਹਾਨ ਅਧਿਆਤਮਕ ਗੁਰੂ ਨੇ ਇੱਕ ਵਾਰ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਉਹ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਨ। ਕੀ ਅਸੀਂ ਸੱਚਮੁੱਚ ਅਜਿਹਾ ਕਰ ਸਕਦੇ ਹਾਂ? ਅਸਲ ‘ਚ ਤਾਂ ਅਸੀਂ ਸਾਰੇ ਹੀ ਆਪਣੇ ਦੁਸ਼ਮਣਾਂ ਨਾਲ ਕਦੇ ਪਿਆਰ ਕਰਦੇ ਹੁੰਦੇ ਸਾਂ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਉਹ ਸਾਡੇ ਪੁਰਾਣੇ ਦੋਸਤ ਹੋਇਆ ਕਰਦੇ ਸਨ ਅਤੇ ਸਾਡੇ ਪਰਮ ਪਿਆਰੇ ਤੇ ਸਤਿਕਾਰੇ ਸੱਜਣ ਸਨ, ਗੂੜ੍ਹੇ ਰਿਸ਼ਤੇ ਦੀ ਮਿਠਾਸ ਤਲਖ਼ ਕੜਾਹਟ ‘ਚ ਬਦਲਣ ਤੋਂ ਪਹਿਲਾਂ। ਨਿਰਾਸ਼ਾ ਦੇ ਬਰਫ਼ ਵਰਗੇ ਸ਼ੀਤ ਪਾਣੀ ਨਾਲ ਬੁਝਾਈ ਗਈ ਲਾਟ ਨੂੰ ਮੁੜ ਤੋਂ ਸੁਲਗਾਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਪਰ ਫ਼ਿਰ, ਸਾਨੂੰ ਆਪਣੇ ਦੁਸ਼ਮਣਾਂ ਨੂੰ ਬਹੁਤੀ ਸ਼ਿੱਦਤ ਨਾਲ ਪਿਆਰ ਕਰਨ ਦੀ ਵੀ ਲੋੜ ਨਹੀਂ। ਬੱਸ ਉਨ੍ਹਾਂ ਦੀਆਂ ਸੱਚੀਆਂ ਖ਼ੂਬੀਆਂ ਦੇ ਕਦਰਦਾਨ ਬਣੋ। ਜੇ ਇਸ ਵਕਤ ਕੋਈ ਲਾਗਤਬਾਜ਼ੀ ਕਰਦਾ ਵੀ ਜਾਪ ਰਿਹੈ ਤਾਂ ਜਵਾਬ ਵਿੱਚ ਉਨ੍ਹਾਂ ਨੂੰ ਉਹ ਦਿਓ ਜਿਸ ਦੀ ਕਲਪਨਾ ਉਨ੍ਹਾਂ ਨੇ ਆਪਣੇ ਖ਼ਵਾਬੋ ਖ਼ਿਆਲ ਵਿੱਚ ਵੀ ਨਾ ਕੀਤੀ ਹੋਵੇ। ਇੱਜ਼ਤ!

ਚਾਰਲੀ ਚੈਪਲਿਨ ਨੂੰ ਇੱਕ ਵਾਰ ਕਿਸੇ ਨੇ ਇਹ ਪੁੱਛਿਆ ਕਿ ਉਹ ਲੋਕਾਂ ਨੂੰ ਹਸਾ ਕਿਵੇਂ ਲੈਂਦੈ। ਉਸ ਨੇ ਕਿਹਾ, ”ਜੇਕਰ ਮੈਂ ਤਹਾਨੂੰ ਇੱਕ ਬੰਦਾ ਸੜਕ ‘ਤੇ ਤੁਰਿਆ ਜਾਂਦਾ ਦਿਖਾਵਾਂ ਅਤੇ ਫ਼ਿਰ ਉਸ ਨੂੰ ਕੇਲੇ ਦੇ ਇੱਕ ਛਿਲਕੇ ਤੋਂ ਤਿਲਕਦਾ ਹੋਇਆ ਤਾਂ ਤੁਸੀਂ ਹੱਸੋਗੇ ਨਹੀਂ, ਕੇਵਲ ਹੈਰਾਨ ਹੋਵੋਗੇ। ਸੋ, ਮੈਂ ਤੁਹਾਨੂੰ ਕੇਲੇ ਦਾ ਛਿਲਕਾ ਦਿਖਾਉਂਦਾਂ, ਬੰਦੇ ਨੂੰ ਉਹ ਛਿਲਕੇ ਦੇਖਦੇ ਹੋਏ, ਅਤੇ ਫ਼ਿਰ ਉਹ ਬੰਦਾ ਫ਼ਿਸਲਣ ਤੋਂ ਬਚਣ ਦੀ ਇੰਨੀ ਸਖ਼ਤ ਕੋਸ਼ਿਸ਼ ਕਰਦਾ ਹੋਇਆ ਕਿ ਅੰਤ ਵਿੱਚ ਉਹ ਸੜਕ ‘ਚ ਪੈਦਾ ਹੋਏ ਇੱਕ ਟੋਏ ਵਿੱਚ ਡਿੱਗ ਜਾਂਦੈ।” ਹਾਸੇ ਦੇ ਮਨੋਵਿਗਿਆਨ ਵਿੱਚ ਅਚਣਚੇਤੇ ਵਾਪਰਣ ਵਾਲੀਆਂ ਘਟਨਾਵਾਂ ਦਾ ਇੱਕ ਵੱਡਾ ਰੋਲ ਹੁੰਦੈ। ਪ੍ਰੇਮ ਦੇ ਮਨੋਵਿਗਿਆਨ ਵਿੱਚ ਵੀ ਇਹ ਕਾਫ਼ੀ ਅਹਿਮ ਭੂਮੀਕਾ ਨਿਭਾਉਂਦੈ। ਜੇਕਰ ਕੋਈ ਸਥਿਤੀ ਸੇਮ ਓਲਡ ਜਾਂ ਪਹਿਲਾਂ ਵਰਗੀ ਹੀ ਬਣੀ ਰਹੇ ਤਾਂ ਉਹ ਬਹੁਤ ਜ਼ਿਆਦਾ ਨੀਰਸ ਹੋ ਜਾਂਦੀ ਹੈ। ਆਹ ਰਿਹਾ ਤੁਹਾਡਾ ਮੌਕਾ ਉਸ ਨੂੰ ਹੁਣ ਬਦਲਣ ਦਾ। … ਤੇ ਉਹ ਵੀ ਅਚਾਨਕ!

ਕੁਝ ਲੋਕ ਆਪਣੀਆਂ ਕਲਪਨਾਵਾਂ ਨੂੰ ਖ਼ੁਦ ਦਾ ਮਨੋਰੰਜਨ ਕਰਨ ਲਈ ਵਰਤਦੇ ਹਨ, ਪਰ ਹੁੰਦਾ ਕੁਝ ਇਸ ਤਰ੍ਹਾਂ ਹੈ ਜਿਵੇਂ ਉਹ ਆਪਣੇ ਖ਼ਵਾਬਾਂ ਦਾ ਮਨੋਰੰਜਨ ਕਰ ਰਹੇ ਹੋਣ। ਕਈ ਵਾਰ ਅਸੀਂ ਬਹੁਤ ਹੀ ਖੁਲ੍ਹਦਿਲੇ ਮੇਜ਼ਬਾਨ ਬਣ ਜਾਂਦੇ ਹਾਂ। ਫ਼ਿਰ ਸਾਡੇ ਖ਼ਵਾਬਾਂ ਨੂੰ ਆਪਣੀ ਪੂਰਤੀ ਲਈ ਚਾਹੇ ਜੋ ਮਰਜ਼ੀ ਚਾਹੀਦਾ ਹੋਵੇ, ਅਸੀਂ ਆਪਣੀ ਵਿੱਤੋਂ ਬਾਹਰ ਜਾ ਕੇ ਵੀ ਉਨ੍ਹਾਂ ਨੂੰ ਉਹ ਸ਼ੈਵਾਂ ਸਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਲਈ ਤਾਂ ਅਸੀਂ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ। ਜ਼ਿੰਦਗੀ ਵਿੱਚ ਮਹੱਬਤ ਦੇ ਰੰਗ ਭਰਨ ਦਾ ਇੱਕ ਸੌਖਾ ਢੰਗ ਵੀ ਹੈ। ਉਸ ਲਈ ਤੁਹਾਨੂੰ ਕੇਵਲ ਇੰਨਾ ਚੇਤੇ ਰੱਖਣੈ ਕਿ ਜੋ ਕੁਝ ਵੀ ਤੁਹਾਡੀ ਕਲਪਨਾ ‘ਚ ਹੈ, ਤੁਹਾਨੂੰ ਹਰ ਵਕਤ ਉਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਤੁਹਾਡੇ ਸੁਪਨਿਆਂ ਦੀ ਹੋਂਦ ਕੇਵਲ ਤੁਹਾਡੀ ਰੂਹ ਨੂੰ ਹੌਸਲਾ ਦੇਣ ਲਈ ਹੈ ਨਾ ਕਿ ਕੋਈ ਅਜਿਹਾ ਮਜ਼੍ਹਬ ਬਣ ਜਾਣ ਲਈ ਜਿਸ ਦੀ ਹੋਂਦ ਖ਼ਤਰੇ ‘ਚ ਹੈ ਅਤੇ ਤੁਸੀਂ ਉਸ ਨੂੰ ਬਚਾਉਣੈ।

ਕਲਪਨਾ ਕਰੋ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ। ਤੁਸੀਂ ਕਾਫ਼ੀ ਸਮੇਂ ਤੋਂ ਕੁਝ ਖਾਣ ਲਈ ਭਾਲ ਰਹੇ ਹੋ ਪਰ ਕੁਝ ਵੀ ਉਪਲਬਧ ਨਹੀਂ। ਹੁਣ ਤੁਹਾਨੂੰ ਸ਼ਾਨਦਾਰ ਭੋਜਨ ਪਰੋਸਿਆ ਗਿਐ। ਤੁਹਾਡੇ ਸਾਹਮਣੇ ਪਈਆਂ ਹਨ: ਤੁਹਾਡੀਆਂ ਮਨਚਾਹੀਆਂ ਸੁਗੰਧੀਆਂ ਅਤੇ ਤੁਹਾਡੇ ਪਸੰਦੀਦਾ ਪਕਵਾਨ, ਠੀਕ ਉਂਝ ਹੀ ਬਣਾਏ ਹੋਏ ਜਿਵੇਂ ਦੇ ਤੁਹਾਨੂੰ ਪਸੰਦ ਹਨ। ਕੇਵਲ ਇੱਕ ਮਸਲਾ ਹੈ। ਤੁਹਾਡੀ ਇਸ ਦਾਅਵਤ ਲਈ ਤੁਹਾਡਾ ਸਾਥੀ ਇੱਕ ਚੀਤਾ ਹੈ! ਉਹ ਇੱਕ ਚਾਕੂ ਅਤੇ ਕਾਂਟਾ ਫ਼ੜੀ ਟੇਬਲ ‘ਤੇ ਤੁਹਾਡੇ ਇੰਤਜ਼ਾਰ ‘ਚ ਬੈਠੈ। ਪਰ ਉਹ ਕੀ ਖਾਣ ਦੀ ਉਮੀਦ ਲਗਾਈ ਬੈਠੈ? ਕੀ ਤੁਹਾਨੂੰ ਆਪਣੀ ਜਾਨ ਬਚਾ ਕੇ ਉੱਥੋਂ ਨੌਂ-ਦੋ-ਗਿਆਰਾਂ ਹੋ ਜਾਣਾ ਚਾਹੀਦੈ ਜਾਂ ਸ਼ਾਂਤੀ ਅਤੇ ਹੌਸਲੇ ਨਾਲ ਡਿਨਰ ਕਰਨਾ ਸ਼ੁਰੂ, ਇਸ ਆਸ ‘ਚ ਕਿ ਉਹ ਚੀਤਾ ਪਹਿਲਾਂ ਹੀ ਆਪਣਾ ਡਿਨਰ ਕਰ ਚੁੱਕਾ ਹੋਵੇਗਾ? ਤੁਸੀਂ ਦੋਹਾਂ ‘ਚੋਂ ਇੱਕ ਹੀ ਚੀਜ਼ ਕਰ ਸਕਦੇ ਹੋ … ਪਰ ਦੋਹੇਂ ਨਹੀਂ!