ਨਵੀਂ ਦਿੱਲੀ – ਵਿਜ਼ਡਨ ਦੇ ਸਦੀ ਦੇ ਪੰਜ ਮਹਾਨ ਕ੍ਰਿਕਟਰਾਂ ਵਿਚੋਂ ਇੱਕ ਗੈਰੀ ਸੋਬਰਜ਼ ਜਦੋਂ 21 ਸਾਲ ਦਾ ਸੀ ਤਾਂ ਉਸ ਦੇ ਨਾਂ ‘ਤੇ ਟੈੱਸਟ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਾਉਣ ਦਾ ਰਿਕਾਰਡ ਦਰਜ ਹੋ ਗਿਆ ਸੀ। ਪਾਕਿਸਤਾਨ ਵਿਰੁੱਧ 1957 ਵਿੱਚ ਕਿੰਗਸਟਨ ਦੇ ਮੈਦਾਨ ‘ਤੇ ਗੈਰੀ ਸੋਬਰਸ ਨੇ 365 ਦੌੜਾਂ ਬਣਾਈਆਂ ਸਨ। ਇਹ ਟੈੱਸਟ ਕ੍ਰਿਕਟ ਵਿੱਚ 36 ਸਾਲ ਤਕ ਬੈੱਸਟ ਸਕੋਰ ਬਰਕਰਾਰ ਰਿਹਾ ਜਦੋਂ ਤਕ ਕਿ ਬ੍ਰਾਇਨ ਲਾਰਾ (375) ਨੇ ਇਸ ਨੂੰ ਤੋੜ ਨਹੀਂ ਦਿੱਤਾ। 1968 ਵਿੱਚ ਗੈਰੀ ਵਿਸ਼ਵ ਦਾ ਸਭ ਤੋਂ ਅਜਿਹਾ ਪਹਿਲਾ ਬੱਲੇਬਾਜ਼ ਬਣਿਆ ਸੀ ਜਿਸ ਨੇ ਫ਼ਰਸਟ ਕਲਾਸ ਕ੍ਰਿਕਟ ਦੇ ਇੱਕ ਓਵਰ ਵਿੱਚ 6 ਛੱਕੇ ਲਾਏ ਸਨ।
ਗੈਰੀ ਜਦੋਂ 28 ਜੁਲਾਈ 1938 ਨੂੰ ਜਨਮਿਆ ਤਾਂ ਉਸ ਦੇ ਦੋਵੇਂ ਹੱਥਾਂ ਦੀਆਂ 6-6 ਉਂਗਲੀਆਂ ਸਨ। ਉਹ ਜਦੋਂ ਤਕ 14 ਸਾਲ ਦਾ ਹੋਇਆ ਤਾਂ ਉਸ ਨੇ ਖ਼ੁਦ ਹੀ ਆਪਣੀਆਂ ਦੋਵੇਂ ਵਾਧੂ ਉਂਗਲੀਆਂ ਕੱਟ ਦਿੱਤੀਆਂ। ਉਸ ਨੂੰ ਫ਼ਰਸਟ ਕਲਾਸ ਕ੍ਰਿਕਟ ਖੇਡਣ ਦਾ ਮੌਕਾ 1952 ਵਿੱਚ ਮਿਲਿਆ। ਕਹਿੰਦੇ ਹਨ ਕਿ ਗੈਰੀ ਦੀ ਜਦੋਂ ਚੋਣ ਹੋਈ ਸੀ ਤਾਂ ਉਹ 16 ਸਾਲ ਦਾ ਸੀ ਅਤੇ ਨਿਕਰ ਪਹਿਨਦਾ ਸੀ। ਘਰ ਵਾਲਿਆਂ ਕੋਲ ਇੰਨੇ ਵੀ ਪੈਸੇ ਨਹੀਂ ਸਨ ਕਿ ਉਸ ਨੂੰ ਨਵਾਂ ਪਜਾਮਾ ਲੈ ਕੇ ਦੇ ਸਕਦੇ। ਆਖਿਰ ਬਾਰਬੇਡੋਜ਼ ਕ੍ਰਿਕਟ ਐਸੋਸੀਏਸ਼ਨ ਨੇ ਗੈਰੀ ਲਈ ਨਵਾਂ ਆਊਟਫ਼ਿਟ ਬਣਵਾਇਆ। 1953 ਵਿੱਚ ਉਸ ਦਾ ਸਾਹਮਣਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲੀ ਹਟਨ ਨਾਲ ਹੋਇਆ। ਹਟਨ ਨੇ ਗੈਰੀ ਨੂੰ ਇੱਕ ਬਾਊਂਸਰ ਮਾਰਿਆ ਜਿਹੜਾ ਉਸ ਦਾ ਬੱਲਾ ਤੋੜਦੇ ਹੋਏ ਉਸ ਦੇ ਸਿਰ ‘ਤੇ ਜਾ ਲੱਗਾ। ਗੈਰੀ ਨੇ ਆਪਣੀ ਆਟੋਬ੍ਰਾਇਓਗ੍ਰਾਫ਼ੀ ਵਿੱਚ ਲਿਖਿਆ ਸੀ, ”ਉਹ ਆਖਰੀ ਵਾਰ ਸੀ ਜਦੋਂ ਮੇਰੇ ਸਿਰ ‘ਤੇ ਕੋਈ ਬਾਊਂਸਰ ਲੱਗਾ।”