Image Courtesy :facebook

ਜੋਹੈਨਸਬਰਗ – ਕ੍ਰਿਕਟ ਦੱਖਣੀ ਅਫ਼ਰੀਕਾ (CSA) ਨੇ ਦੇਸ਼ ਵਿੱਚ ਕ੍ਰਿਕਟ ਵਿੱਚ ਨਸਲਵਾਦ ਨਾਲ ਨਜਿੱਠਣ ਲਈ ਕਦਮ ਚੁੱਕਦੇ ਹੋਏ ਆਪਣੀਆਂ ਯੋਜਨਾਵਾਂ ਨੂੰ ਜਨਤਕ ਕੀਤਾ ਹੈ। CSA ਦੀ ਪਰਿਵਰਤਨ ਕਮੇਟੀ ਨੇ ਕ੍ਰਿਕਟ ਫ਼ਾਰ ਸੋਸ਼ਲ ਜਸਟਿਸ ਐਂਡ ਨੇਸ਼ਨ ਬਿਲਡਿੰਗ (CSA) ਨਾਂ ਦੀ ਲੰਬੇ ਸਮੇਂ ਦੀ ਪ੍ਰਤੀਕਿਰਿਆ ਰਣਨੀਤੀ ਯੋਜਨਾ ਦਾ ਐਲਾਨ ਕੀਤਾ ਹੈ। CSA ਨੇ ਯੋਜਨਾ ਬਾਰੇ ਕਿਹਾ, ”ਕ੍ਰਿਕਟ ਪ੍ਰਸ਼ੰਸਕ, ਦੱਖਣੀ ਅਫ਼ਰੀਕੀ ਲੋਕ ਅਤੇ ਸ਼ੇਅਰ ਹੋਲਡਰ ਗਰੁੱਪਾਂ ਦੀ ਮਨਜ਼ੂਰੀ ਜਾਂ ਨਾਰਾਜ਼ਗੀ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।”
ਵੈੱਸਟ ਇੰਡੀਜ਼ ਦੇ ਕ੍ਰਿਕਟਰ ਡੈਰੇਨ ਸੈਮੀ ਨੇ ਦੋਸ਼ ਲਾਇਆ ਸੀ ਕਿ ਭਾਰਤ ਵਿੱਚ IPL ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇ ਡ੍ਰੈਸਿੰਗ ਰੂਮ ਵਿੱਚ ਉਸ ਨੂੰ ਨਸਲਵਾਦ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਉਸ ਨੂੰ ਇੱਕ ਇਤਰਾਜ਼ਯੋਗ ਨਾਂ ਦਿੱਤਾ ਗਿਆ ਸੀ। ਇਸ ਦੋਸ਼ ਤੋਂ ਬਾਅਦ ਤੋਂ ਨਸਲਵਾਦ ਵਿਰੁੱਧ ਅੰਦੋਲਨ ਬਲੈਕ ਲਾਈਵਜ਼ ਮੈਟਰ ਕ੍ਰਿਕਟ ਦਾ ਇੱਕ ਹਿੱਸਾ ਬਣ ਗਿਆ ਹੈ। ਉਸ ਤੋਂ ਬਾਅਦ ਕ੍ਰਿਕਟ ਵਿੱਚ ਇਸ ਅੰਦੋਲਨ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਦੱਖਣੀ ਅਫ਼ਰੀਕਾ ਦੇ ਕ੍ਰਿਕਟਰ ਲੂੰਗੀ ਐਨਗਿਡੀ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕ੍ਰਿਕਟ ਵਿੱਚ ਨਸਲਵਾਦ ਦਾ ਮੁੱਦਾ ਚੁੱਕਿਆ ਅਤੇ ਦੇਸ਼ ਵਿੱਚ ਕ੍ਰਿਕਟ ਭਾਈਚਾਰੇ ਨੂੰ ਨਸਲਵਾਦ ਵਿਰੁੱਧ ਖੜ੍ਹਾ ਹੋਣ ਦੀ ਅਪੀਲ ਕੀਤੀ। ਇਸ ਤੋਂ ਤੁਰੰਤ ਬਾਅਦ ਦੱਖਣੀ ਅਫ਼ਰੀਕਾ ਦੇ 36 ਮੁੱਖ ਖਿਡਾਰੀ ਤੇ ਕੋਚ ਨੇ ਐਨਗਿਡੀ ਦੇ ਪ੍ਰਤੀ ਆਪਣਾ ਸਮਰਥਨ ਜਤਾਇਆ ਸੀ।