Image Courtesy :punjabi.bollywoodtadka

ਪਿਛਲੇ ਸਾਲ ਦੀ ਛਿਮਾਹੀ ‘ਚ 26 ਦੇ ਨੇੜੇ ਵੱਡੀਆਂ, ਛੋਟੀਆਂ ਫ਼ਿਲਮਾਂ ਪਰਦਾਪੇਸ਼ ਹੋਈਆਂ ਹਨ। ਪੰਜਾਬੀ ਸਿਨਮਾ ਮੌਜੂਦਾ ਦੌਰ ‘ਚ ਆਲਮੀ ਪੱਧਰ ‘ਤੇ ਪਛਾਣ ਰੱਖਦਾ ਹੈ, ਪਰ ਇਸ ਦੇ ਬਾਵਜੂਦ ਅਜੇ ਪੰਜਾਬੀ ਫ਼ਿਲਮਾਂ ਦੀ ਨੁਮਾਇਸ਼ ਦਾ ਦਾਇਰਾ ਉਸ ਪੱਧਰ ‘ਤੇ ਮੋਕਲਾ ਨਹੀਂ ਹੋਇਆ ਜਿਸ ਪੱਧਰ ‘ਤੇ ਹੁਣ ਤਕ ਹੋ ਜਾਣਾ ਚਾਹੀਦਾ ਸੀ। ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਫ਼ਿਲਮ ਦਾ ਬਜਟ ਜ਼ਰੂਰ ਲਗਭਗ ਦੁੱਗਣਾ ਹੋ ਗਿਆ ਹੈ। ਹੁਣ ਸਾਧਾਰਨ ਪੰਜਾਬੀ ਫ਼ਿਲਮ ਤਿੰਨ ਕਰੋੜ ਤੋਂ ਘੱਟ ਨਹੀਂ ਬਣਦੀ ਜਦਕਿ ਵੱਡੇ ਸੈਟਅੱਪ ਵਾਲੀਆਂ ਫ਼ਿਲਮਾਂ ਦੀ ਲਾਗਤ ਸੱਤ ਤੋਂ ਦਸ ਕਰੋੜ ਤਕ ਪਹੁੰਚ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਤਕ ਪੁਹੰਚਾਉਣ ਦੇ ਖ਼ਰਚੇ ਵੱਖਰੇ। ਇਨ੍ਹਾਂ ਖ਼ਰਚਿਆਂ ਦੀ ਭਰਪਾਈ ਸਿਨਮਾ ਤੋਂ ਇਲਾਵਾ ਫ਼ਿਲਮ ਦਾ ਸੰਗੀਤ, ਡਿਜੀਟਲ ਅਤੇ ਸੈਟੇਲਾਈਟ ਅਧਿਕਾਰ ਵੇਚਣ ਤੋਂ ਹੁੰਦੀ ਹੈ। ਫ਼ਿਲਮਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ ਜਿਸ ਨਾਲ ਕਲਾਕਾਰਾਂ ਦੀਆਂ ਫ਼ੀਸਾਂ ‘ਚ ਵੀ ਭਾਰੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਹੋਰ ਖ਼ਰਚੇ ਵੀ ਵਧੇ ਹਨ। ਵਿਸ਼ਾ ਪੱਖ ਤੋਂ ਵੀ ਪੰਜਾਬੀ ਸਿਨਮਾ ‘ਚ ਨਵੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਹਨ। ਪੰਜਾਬੀ ਸਿਨਮਾ ਤਰੱਕੀ ਤਾਂ ਕਰ ਰਿਹਾ ਹੈ, ਪਰ ਇਸ ਤਰੱਕੀ ਦਾ ਮਾਪਦੰਡ ਸਮਝੋਂ ਬਾਹਰ ਹੈ।
ਪੰਜਾਬੀ ਦਰਸ਼ਕਾਂ ਕੋਲ ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮਾਂ ਦਾ ਵੀ ਵਿਕਲਪ ਹੈ। ਇਸ ਲਈ ਪੰਜਾਬੀ ਦਰਸ਼ਕ ਦਾ ਸੁਹਜ ਸੁਆਦ ਅਤੇ ਫ਼ਿਲਮ ਦੀ ਚੋਣ ਦਾ ਪੱਧਰ ਪਹਿਲਾਂ ਨਾਲੋਂ ਉੱਚਾ ਹੋਇਆ ਹੈ। ਨੈੱਟਫ਼ਲਿਕਸ ਅਤੇ ਐਮੇਜ਼ਨ ਪ੍ਰਾਈਮ ਵਰਗੇ ਮੋਬਾਈਲ ਸਿਨਮਾ ਦੇ ਇਸ ਦੌਰ ‘ਚ ਬਹੁਤੇ ਦਰਸ਼ਕ ਪੰਜਾਬੀ ਫ਼ਿਲਮ ਦੇ ਟ੍ਰੇਲਰ ਦਾ ਵੀ ਇੰਤਜ਼ਾਰ ਨਹੀਂ ਕਰਦੇ ਬਲਕਿ ਉਸ ਦੇ ਪੋਸਟਰ ਤੋਂ ਹੀ ਫ਼ਿਲਮ ਦੇਖਣ ਜਾਂ ਨਾ ਦੇਖਣ ਦਾ ਮਨ ਬਣਾ ਲੈਂਦੇ ਹਨ। ਮੌਲਿਕਤਾ ਦੇ ਨਾਂ ‘ਤੇ ਪਰੋਸੇ ਜਾ ਰਹੇ ਹਿੰਦੀ ਫ਼ਿਲਮਾਂ ਦੇ ਤਰਜਮੇ ਅਤੇ ਦੁਹਰਾਓ ਨੂੰ ਦਰਸ਼ਕ ਝੱਟ ਫ਼ੜ ਲੈਂਦੇ ਹਨ।
ਸਿਨਮਾ ਗਲੋਬਲ ਮੰਡੀ ਦਾ ਹਿੱਸਾ ਹੋਣ ਕਾਰਨ ਦਰਸ਼ਕਾਂ ਦੀ ਸੂਚਨਾ ਬਹੁਤੇ ਪੰਜਾਬੀ ਨਿਰਮਾਤਾਵਾਂ ਦੀ ਸੋਚ ਤੋਂ ਕਿਤੇ ਅਗਾਂਹ ਹੈ। ਉਹ ਝੱਟ ਫ਼ੜ ਲੈਂਦੇ ਹਨ ਕਿ ਉਨ੍ਹਾਂ ਅੱਗੇ ਜੋ ਪਰੋਸਿਆ ਜਾ ਰਿਹਾ ਹੈ ਉਹ ਕਿੱਥੋਂ ਕਿੱਥੋਂ ਚੋਰੀ ਕੀਤਾ ਗਿਆ ਹੈ। ਇਸ ਆਲਮ ‘ਚ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮ ਤੋਂ ਇਹੋ ਆਸ ਕਰਦੇ ਹਨ ਕਿ ਘੱਟੋ ਘੱਟ ਪੰਜਾਬੀ ਦੇ ਨਾਂ ‘ਤੇ ਪੰਜਾਬੀ ਫ਼ਿਲਮ ਹੀ ਬਣਾਈ ਜਾਵੇ ਜਿਸ ਵਿੱਚ ਪੰਜਾਬੀ ਸਭਿਆਚਾਰ ਦਾ ਖਾਕਾ ਝਲਕੇ। ਜੋ ਫ਼ਿਲਮਾਂ ਇਸ ਕਸਵੱਟੀ ‘ਤੇ ਖਰੀਆਂ ਉਤਰ ਰਹੀਆਂ ਹਨ ਉਨ੍ਹਾਂ ਦੀ ਬੇੜੀ ਪਾਰ ਵੀ ਲੱਗ ਰਹੀ ਹੈ।
ਪਿਛਲੇ ਸਾਲ ਕ੍ਰਮਵਾਰ ਦੁੱਲਾ ਵੈਲੀ, ਇਸ਼ਕਾ, ਦੋ ਦੂਣੀ ਪੰਜ, ਕਾਕਾ ਜੀ, ਸਾਡੀ ਮਰਜ਼ੀ, ਕਾਕੇ ਦਾ ਵਿਆਹ, ੳ ਅ, ਕਾਲਾ ਸ਼ਾਹ ਕਾਲਾ, ਹਾਈਐਂਡ ਯਾਰੀਆਂ, ਗੁੱਡੀਆਂ ਪਟੋਲੇ, ਬੈਂਡ ਵਾਜਾ, ਰੱਬ ਦਾ ਰੇਡੀਓ 2, ਯਾਰਾ ਵੇ, ਮੰਜੇ ਬਿਸਤਰੇ 2, ਨਾਢੂ ਖਾਂ, ਦਿਲ ਦੀਆਂ ਗੱਲਾਂ, ਬਲੈਕੀਆ, ਲੁਕਣ ਮੀਚੀ, 15 ਲੱਖ ਕਦੋਂ ਆਊਗਾ, ਮੁਕਲਾਵਾ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਲਾਈਏ ਜੇ ਯਾਰੀਆਂ, ਮੁੰਡਾ ਫ਼ਰੀਦਕੋਟੀਆ, ਜਿੰਦ ਜਾਨ, ਛੜਾ ਅਤੇ ਮਿੰਦ੍ਹੋ ਤਸੀਲਦਾਰਨੀ, ਆਦਿ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਫ਼ਿਲਮਾਂ ਦਾ ਵਿਸ਼ਾ ਇੱਕ ਦੂਜੀ ਤੋਂ ਕਾਫ਼ੀ ਵੱਖਰਾ ਸੀ। ਇਨ੍ਹਾਂ ‘ਚੋਂ ਤਿੰਨ ਕੁ ਫ਼ਿਲਮਾਂ ਨੇ ਚੰਗਾ ਮੁਨਾਫ਼ਾ ਵੀ ਕਮਾਇਆ। ਦੋ-ਤਿੰਨ ਫ਼ਿਲਮਾਂ ਅਜਿਹੀਆਂ ਸਨ ਜਿਨ੍ਹਾਂ ਨੇ ਆਪਣੀ ਲਾਗਤ ਪੂਰੀ ਕੀਤੀ। ਬਾਕੀ ਫ਼ਿਲਮਾਂ ਘਾਟੇ ਦਾ ਸੌਦਾ ਹੀ ਸਾਬਿਤ ਹੋਈਆਂ।
ਉਪਰੋਕਤ ਫ਼ਿਲਮਾਂ ਦੇ ਮੱਦੇਨਜ਼ਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬੀ ਸਿਨਮਾ ਹੁਣ ਨਾਇਕ ਪ੍ਰਧਾਨ ਦੀ ਥਾਂ ਵਿਸ਼ਾ ਪ੍ਰਧਾਨ ਹੋਣ ਲੱਗਾ ਹੈ। ਇੱਕ ਹੀਰੋ ਦੀ ਇੱਕ ਫ਼ਿਲਮ ਫ਼ਲੌਪ ਹੁੰਦੀ ਹੈ ਅਤੇ ਦੂਜੀ ਹਿੱਟ। ਮਤਲਬ ਸਪੱਸ਼ਟ ਹੈ, ਹੀਰੋ ਤਾਂ ਹੀ ਹੀਰੋ ਸਾਬਿਤ ਹੋਵੇਗਾ ਜੇ ਉਸ ਦੀ ਕਹਾਣੀ ‘ਚ ਦਮ ਅਤੇ ਕਹਾਣੀ ਕਹਿਣ ਦਾ ਤਰੀਕਾ ਕੁਸ਼ਲ ਹੋਵੇਗਾ। ਉਪਰੋਕਤ ਫ਼ਿਲਮਾਂ ‘ਚੋਂ ਓਹੀ ਫ਼ਿਲਮ ਸਫ਼ਲ ਹੋਈ ਜਿਸ ਨੇ ਦਰਸ਼ਕ ਦੇ ਪੱਧਰ ‘ਤੇ ਆਉਣ ਦੀ ਥਾਂ ਦਰਸ਼ਕ ਦਾ ਪੱਧਰ ਉੱਚਾ ਚੁੱਕਿਆ। ਯਾਨੀ ਮੌਲਿਕਤਾ ਦੇ ਨਾਂ ‘ਤੇ ਦੁਹਰਾਓ ਪੇਸ਼ ਕਰਨ ਦੀ ਥਾਂ ਕੁੱਝ ਯਥਾਰਕ ਅਤੇ ਹਟਵਾਂ ਕੀਤਾ। ਹੁਣ ਫ਼ਿਲਮ ਦੀ ਕਹਾਣੀ ਦੀ ਥਾਂ ਉਸ ਦੀ ਪੇਸ਼ਕਾਰੀ ਜ਼ਿਆਦਾ ਅਹਿਮ ਹੋ ਗਈ ਹੈ।
ਸਾਲ ਦੇ ਸ਼ੁਰੂ ‘ਚ ਆਈਆਂ ਫ਼ਿਲਮਾਂ ਦੁੱਲਾ ਵੈਲੀ, ਇਸ਼ਕਾ ਅਤੇ ਦੋ ਦੂਣੀ ਪੰਜ ਬੁਰੀ ਤਰ੍ਹਾਂ ਫ਼ਲੌਪ ਹੋਈਆਂ। ਦੇਵ ਖਰੋੜ ਦੀ ਫ਼ਿਲਮ ਕਾਕਾ ਜੀ ਭਾਵੇਂ ਸਫ਼ਲ ਰਹੀ, ਪਰ ਉਸ ਪੱਧਰ ‘ਤੇ ਕਮਾਈ ਨਹੀਂ ਕਰ ਸਕੀ ਜਿਸ ਪੱਧਰ ‘ਤੇ ਉਸ ਦੀਆਂ ਪਹਿਲੀਆਂ ਫ਼ਿਲਮਾਂ ਨੇ ਕੀਤੀ ਸੀ। ਸਾਡੀ ਮਰਜ਼ੀ, ਕਾਕੇ ਦਾ ਵਿਆਹ ਵੀ ਬੁਰੀ ਤਰ੍ਹਾਂ ਫ਼ਲੌਪ ਰਹੀਆਂ। ਬੌਲੀਵੁਡ ਫ਼ਿਲਮ ਹਿੰਦੀ ਮੀਡੀਆ ਦੀ ਤਰਜ਼ ‘ਤੇ ਬਣੀ ਪੰਜਾਬੀ ਫ਼ਿਲਮ ੳ ਅ ਵੀ ਮਾਂ ਬੋਲੀ ਪ੍ਰਤੀ ਉਦਰੇਵਾਂ ਕੈਸ਼ ਨਹੀਂ ਕਰ ਸਕੀ। ਬੀਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਕਾਲਾ ਸ਼ਾਹ ਕਾਲਾ ਨੂੰ ਸਫ਼ਲਤਾ ਨਸੀਬ ਹੋਈ ਤਾਂ ਹਾਈਐਂਡ ਯਾਰੀਆਂ ਦਾ ਹਾਲ ਮਾੜਾ ਹੋਇਆ। ਫ਼ਿਲਮ ਨੂੰ ਲੰਡਨ ਤੋਂ ਸਬਸਿਡੀ ਮਿਲੀ ਹੋਣ ਕਾਰਨ ਫ਼ਿਲਮ ਦਾ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ।
ਨਾਇਕਾ ਪ੍ਰਧਾਨ ਫ਼ਿਲਮ ਗੁੱਡੀਆਂ ਪਟੋਲੇ ਨੇ ਸਫ਼ਲਤਾ ਹਾਸਿਲ ਕਰਨ ਦੇ ਨਾਲ ਨਾਲ ਫ਼ਿਲਮਸਾਜ਼ਾਂ ਨੂੰ ਕਹਾਣੀਆਂ ‘ਚ ਤਾਜ਼ਗੀ ਲਿਆਉਣ ਲਈ ਪ੍ਰੇਰਿਤ ਕੀਤਾ। ਬੀਨੂ ਢਿੱਲੋਂ ਦੀ ਕਾਲਾ ਸ਼ਾਹ ਕਾਲਾ ਸਫ਼ਲ ਰਹੀ ਤਾਂ ਬੈਂਡ ਵਾਜਾ ਨੂੰ ਅਸਫ਼ਲਤਾ ਦਾ ਮੂੰਹ ਦੇਖਣਾ ਪਿਆ। ਰੱਬ ਦਾ ਰੇਡੀਓ 2 ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਤਾਂ ਯਾਰਾ ਵੇ ਨੂੰ ਬੁਰੀ ਤਰ੍ਹਾਂ ਨਕਾਰਿਆ ਗਿਆ। ਮੰਜੇ ਬਿਸਤਰੇ 2 ਦੀ ਚਰਚਾ ਤਾਂ ਖ਼ੂਬ ਹੋਈ, ਪਰ ਓਪਨਿੰਗ ਓਨੀ ਵੱਡੀ ਨਹੀਂ ਮਿਲੀ ਜਿੰਨੀ ਵੱਡੀ ਮੰਜੇ ਬਿਸਤਰੇ 1 ਨੂੰ ਮਿਲੀ ਸੀ। ਹਰੀਸ਼ ਵਰਮਾ ਦੀ ਫ਼ਿਲਮ ਨਾਢੂ ਖਾਂ ਦੀ ਸੋਸ਼ਲ ਮੀਡੀਆ ‘ਤੇ ਤਾਂ ਖ਼ੂਬ ਚਰਚਾ ਹੋਈ, ਪਰ ਸਿਨਮਾਘਰ ਪਹੁੰਚ ਕੇ ਫ਼ਿਲਮ ਫ਼ਲੌਪ ਹੋ ਗਈ। ਪਰਮੀਸ਼ ਵਰਮਾ ਦੀ ਦਿਲ ਦੀਆਂ ਗੱਲਾਂ ਵੀ ਕੋਈ ਖ਼ਾਸ ਕਮਾਲ ਦਿਖਾਉਣ ‘ਚ ਕਾਮਯਾਬ ਨਹੀਂ ਹੋਈ ਜਦੋਂਕਿ ਇਸੇ ਫ਼ਿਲਮ ਨਾਲ ਰਿਲੀਜ਼ ਹੋਈ ਦੇਵ ਖਰੌੜ ਦੀ ਬਲੈਕੀਆ ਚੰਗਾ ਕਾਰੋਬਾਰ ਕਰ ਗਈ। ਲੁਕਣ ਮੀਚੀ ਅਤੇ 15 ਲੱਖ ਕਦੋਂ ਆਉਗਾ ਇੱਕੋ ਦਿਨ ਰਿਲੀਜ਼ ਹੋਈਆਂ ਅਤੇ ਦੋਹੇਂ ਫ਼ਲੌਪ ਰਹੀਆਂ। ਮੁਕਲਾਵਾ ਅਤੇ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਵੀ ਇੱਕੋ ਦਿਨ ਰਿਲੀਜ਼ ਹੋਈਆਂ, ਪਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਦਰਸ਼ਕਾਂ ਨੇ ਨਕਾਰ ਦਿੱਤਾ ਅਤੇ ਮੁਕਲਾਵਾ ਦੇ ਹਿੱਸੇ ਵੱਡੀ ਸਫ਼ਲਤਾ ਆਈ। ਲਾਈਏ ਜੇ ਯਾਰੀਆਂ ਵੀ ਠੀਕ ਠਾਕ ਹੀ ਰਹੀ। ਮੁੰਡਾ ਫ਼ਰੀਦਕੋਟੀਆ ਅਤੇ ਜਿੰਦ ਜਾਨ ਵੀ ਇੱਕੋ ਹਫ਼ਤੇ ਰਿਲੀਜ਼ ਹੋਈਆਂ ਅਤੇ ਦੋਹੇਂ ਮੂਧੇ ਮੂੰਹ ਡਿੱਗੀਆਂ। ਛੜਾ ਨੇ ਰਿਕਾਰਡਤੋੜ ਸਫ਼ਲਤਾ ਹਾਸਿਲ ਕੀਤੀ ਤਾਂ ਮਿੰਦ੍ਹੋ ਤਹਿਸੀਲਦਾਰਨੀ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ।
ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਅਸਫ਼ਲਤਾ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਪੰਜਾਬੀ ਦਰਸ਼ਕ ਚਾਲੂ ਰੁਝਾਨ ਤੋਂ ਹਟਵੀਆਂ ਫ਼ਿਲਮਾਂ ਨੂੰ ਹੀ ਤਰਜੀਹ ਦਿੰਦੇ ਹਨ। ਕੌਮੇਡੀ ਸਦਾ ਹੀ ਪੰਜਾਬੀ ਦਰਸ਼ਕਾਂ ਦੀ ਪਹਿਲੀ ਪਸੰਦ ਰਹੀ ਹੈ, ਪਰ ਇਹ ਨਹੀਂ ਕਿ ਕੌਮੇਡੀ ਦੇ ਨਾਂ ‘ਤੇ ਫ਼ੂਹੜ ਕਿਸਮ ਦੇ ਚੁਟਕਲੇ ਅਤੇ ਭੱਦੇ ਮਜ਼ਾਕ ਦਰਸ਼ਕ ਪਸੰਦ ਕਰਨਗੇ। ਦਰਸ਼ਕ ਨਾਮੀਂ ਕਲਾਕਾਰਾਂ ਦੀਆਂ ਫ਼ਿਲਮਾਂ ਨੂੰ ਆਮ ਨਾਲੋਂ ਜ਼ਿਆਦਾ ਤਵੱਜੋ ਜ਼ਰੂਰ ਦਿੰਦੇ ਹਨ, ਪਰ ਇਹ ਵੀ ਨਹੀਂ ਕਿ ਉਹ ਬਿਨਾਂ ਟ੍ਰੇਲਰ ਦੇਖੇ ਹੀਰੋ ਭਰੋਸੇ ਸਿਨਮਾਘਰ ‘ਚ ਵੜ ਜਾਂਦੇ ਹਨ। ਪੰਜਾਬੀ ਸਿਨਮਾ ਦੀ ਡੋਰ ਹੁਣ ਨੌਜਵਾਨ ਫ਼ਿਲਮਸਾਜ਼ਾਂ ਅਤੇ ਲੇਖਕਾਂ ਦੇ ਹੱਥ ‘ਚ ਹੈ। ਪੰਜਾਬੀ ਫ਼ਿਲਮਾਂ ਦੀ ਚਰਚਾ ਹਕੀਕੀ ਰੂਪ ‘ਚ ਕੌਮਾਂਤਰੀ ਪੱਧਰ ‘ਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਫ਼ਿਲਹਾਲ ਪੰਜਾਬੀ ਫ਼ਿਲਮਾਂ ਦੀ ਹੋਂਦ ਧੁੰਦ ‘ਚ ਲਿਪਟੇ ਬੱਦਲਾਂ ਵਾਂਗ ਹੈ।