ਮੈਨਚੈਸਟਰ – ਤੇਜ਼ ਗੇਂਦਬਾਜ਼ ਕੇਮਾਰ ਰੋਚ ਪਿਛਲੇ 26 ਸਾਲਾਂ ਵਿੱਚ 200 ਵਿਕਟਾਂ ਪੂਰੀਆਂ ਕਰਨ ਵਾਲਾ ਵੈੱਸਟ ਇੰਡੀਜ਼ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇੰਗਲੈਂਡ ਵਿਰੁੱਧ ਤੀਜੇ ਟੈੱਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਇਹ ਉਪਲਬਧੀ ਹਾਸਿਲ ਕੀਤੀ। ਵੈੱਸਟ ਇੰਡੀਜ਼ ਵਲੋਂ 200 ਵਿਕਟਾਂ ਪੂਰੀਆਂ ਕਰਨ ਵਾਲਾ ਆਖ਼ਰੀ ਗੇਂਦਬਾਜ਼ ਕਰਟਲੀ ਐਮਬ੍ਰੋਜ਼ ਸੀ ਜਿਸ ਨੇ ਸਾਲ 1994 ਵਿੱਚ ਗਯਾਨਾ ਵਿੱਚ ਇੰਗਲੈਂਡ ਵਿਰੁੱਧ ਮੁਕਾਬਲੇ ਵਿੱਚ ਹੀ 200 ਵਿਕਟਾਂ ਪੂਰੀਆਂ ਕੀਤੀਆਂ ਸਨ। ਐਮਬ੍ਰੋਜ਼ ਤੋਂ ਬਾਅਦ ਫ਼ਿਦੇਲ ਐਡਵਰਡਜ਼ ਹੀ ਇਕਲੌਤਾ ਅਜਿਹਾ ਗੇਂਦਬਾਜ਼ ਸੀ ਜਿਹੜਾ 200 ਵਿਕਟਾਂ ਦੇ ਨੇੜੇ ਪਹੁੰਚਿਆ ਸੀ। ਓਵਰਆਲ ਰੋਚ 200 ਵਿਕਟਾਂ ਲੈਣ ਵਾਲਾ ਵਿੰਡੀਜ਼ ਦਾ ਨੌਂਵਾਂ ਗੇਂਦਬਾਜ਼ ਬਣ ਗਿਐ।

32 ਸਾਲਾ ਰੋਚ ਨੇ ਇੰਗਲੈਂਡ ਵਿਰੁੱਧ ਤੀਜੇ ਅਤੇ ਆਖ਼ਰੀ ਟੈੱਸਟ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਹਾਸਲ ਕੀਤੀਆਂ ਸਨ ਅਤੇ ਆਪਣੀ ਤੀਜੀ ਵਿਕਟ ਲੈਂਦੇ ਹੀ ਉਸ ਨੇ 59ਵੇਂ ਟੈੱਸਟ ਵਿੱਚ ਇਹ ਉਪਲਬਧੀ ਹਾਸਿਲ ਕਰ ਲਈ। ਸਾਲ 2009 ਵਿੱਚ ਬੰਗਲਾਦੇਸ਼ ਵਿਰੁੱਧ ਆਪਣਾ ਟੈੱਸਟ ਡੈਬਿਊ ਕਰਨ ਵਾਲੇ ਰੋਚ ਨੇ ਆਪਣੇ ਕਰੀਅਰ ਵਿੱਚ ਪਾਰੀ ਵਿੱਚ ਪੰਜ ਵਿਕਟਾਂ ਨੌਂ ਵਾਰ ਅਤੇ ਟੈੱਸਟ ਵਿੱਚ 10 ਵਿਕਟਾਂ ਇੱਕ ਵਾਰ ਲਈਆਂ ਹਨ। ਉਸ ਨੇ ਆਪਣੀਆਂ 100 ਵਿਕਟ 26 ਟੈੱਸਟਾਂ ਵਿੱਚ ਪੂਰੀਆਂ ਜਦਕਿ ਅਗਲੀਆਂ 100 ਵਿਕਟਾਂ ਤਕ ਪਹੁੰਚਣ ਲਈ ਉਸ ਨੂੰ 33 ਟੈੱਸਟ ਲੱਗੇ।